ਮਨਪ੍ਰੀਤ ਬਾਦਲ ਭਾਜਪਾ ’ਚ ਸ਼ਾਮਲ

ਮਨਪ੍ਰੀਤ ਬਾਦਲ ਭਾਜਪਾ ’ਚ ਸ਼ਾਮਲ

ਮਨਪ੍ਰੀਤ ਬਾਦਲ ਭਾਜਪਾ ’ਚ ਸ਼ਾਮਲ
ਨਵੀਂ ਦਿੱਲੀ-ਪੰਜਾਬ ਵਿੱਚ ਕਾਂਗਰਸ ਨੂੰ ਅੱਜ ਉਸ ਸਮੇਂ ਝਟਕਾ ਲੱਗਿਆ ਜਦੋਂ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਵਿੱਚ ਸ਼ਾਮਲ ਹੋ ਗਏ। ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕਾਂਗਰਸ ਨੂੰ ਅਲਵਿਦਾ ਆਖਦਿਆਂ ਧੜੇਬੰਦੀ ਲਈ ਪਾਰਟੀ ਦੀ ਆਲੋਚਨਾ ਕੀਤੀ। ਪੰਜ ਵਾਰ ਦੇ ਵਿਧਾਇਕ ਮਨਪ੍ਰੀਤ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਉਨ੍ਹਾਂ ਦੀ ਅਗਵਾਈ ਹੇਠ ਕੂਟਨੀਤਕ ਅਤੇ ਆਰਥਿਕ ਪੱਧਰ ਸਮੇਤ ਹਰ ਖੇਤਰ ’ਚ ਮੁਲਕ ਮਜ਼ਬੂਤ ਹੋਇਆ ਹੈ। ਪੰਜਾਬ ਦੇ ਹਾਲਾਤ ’ਤੇ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤ ਹੱਥੋਂ ਨਿਕਲਦੇ ਜਾ ਰਹੇ ਹਨ ਅਤੇ ਭਾਜਪਾ ਹੀ ਇਕਲੌਤੀ ਪਾਰਟੀ ਹੈ ਜੋ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਸਕਦੀ ਹੈ। ਕਾਂਗਰਸ ਛੱਡਣ ਦੇ ਫ਼ੈਸਲੇ ਬਾਰੇ ਉਨ੍ਹਾਂ ਕਿਹਾ,‘‘ਕੋਈ ਪਾਰਟੀ ’ਚ ਕਿਵੇਂ ਕੰਮ ਕਰ ਸਕਦਾ ਹੈ ਜਦੋਂ ਉਸ ’ਚ ਅੰਦਰੂਨੀ ਖਿੱਚੋਤਾਣ ਹੋਵੇ। ਸਿਰਫ਼ ਪੰਜਾਬ ਹੀ ਨਹੀਂ ਕਈ ਸੂਬਿਆਂ ’ਚ ਕਾਂਗਰਸ ਅੰਦਰ ਧੜੇਬੰਦੀ ਜ਼ੋਰਾਂ ’ਤੇ ਹੈ।’’ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲਿਖੇ ਪੱਤਰ ’ਚ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਖ਼ਜ਼ਾਨੇ ਲਈ ਫੰਡ ਜੁਟਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨ ਦੀ ਬਜਾਏ ਪਾਰਟੀ ਦੇ ਆਗੂ ਹੀ ਉਨ੍ਹਾਂ ਨੂੰ ਵਿੱਤੀ ਸੰਕਟ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਨਿੰਦਾ ਕਰ ਰਹੇ ਹਨ। ਇਥੇ ਭਾਜਪਾ ਹੈੱਡਕੁਆਰਟਰ ’ਤੇ ਮਨਪ੍ਰੀਤ ਬਾਦਲ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਲ ਹੋਏ ਜਿਨ੍ਹਾਂ ਉਨ੍ਹਾਂ ਦੇ ਸੋਹਲੇ ਗਾਏ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸੁਨਹਿਰਾ ਹੈ ਅਤੇ ਮਨਪ੍ਰੀਤ ਦੇ ਆਉਣ ਨਾਲ ਭਾਜਪਾ ਦਾ ਸਿੱਖਾਂ ਨਾਲ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਟਵਿੱਟਰ ਹੈਂਡਲ ’ਤੇ ਪੋਸਟ ਕੀਤੇ ਪੱਤਰ ਵਿੱਚ ਕਿਹਾ, ‘ਮੈਂ ਪਾਰਟੀ ਅਤੇ ਸਰਕਾਰ ਦੋਵਾਂ ਵਿੱਚ, ਹਰ ਉਸ ਅਹੁਦੇ ਲਈ ਆਪਣੀ ਊਰਜਾ ਸਮਰਪਿਤ ਕਰ ਦਿੱਤੀ ਸੀ, ਜਿਸ ਨੂੰ ਸੰਭਾਲਣ ਦਾ ਮੈਨੂੰ ਸਨਮਾਨ ਮਿਲਿਆ ਸੀ। ਮੈਂ ਤੁਹਾਨੂੰ ਇਹ ਮੌਕੇ ਦੇਣ ਲਈ ਅਤੇ ਅਤੀਤ ਵਿੱਚ ਮੇਰੇ ਨਾਲ ਦਿਖਾਈ ਦਿਆਲਤਾ ਅਤੇ ਸ਼ਿਸ਼ਟਾਚਾਰ ਲਈ ਤੁਹਾਡਾ ਧੰਨਵਾਦ ਕਰਦਾ ਹਾਂ।’ ਉਨ੍ਹਾਂ ਕਿਹਾ, ‘ਅਫ਼ਸੋਸ ਨਾਲ ਪਾਰਟੀ ਦੇ ਅੰਦਰ ਪ੍ਰਚਲਿਤ ਸੱਭਿਆਚਾਰ ਤੇ ਮੌਜੂਦਾ ਦੌਰ ਵਿੱਚ ਬੇਤੁਕੀ ਇੱਛਾ ਦੇ ਮੱਦੇਨਜ਼ਰ ਮੈਂ ਹੁਣ ਭਾਰਤੀ ਰਾਸ਼ਟਰੀ ਕਾਂਗਰਸ ਦਾ ਹਿੱਸਾ ਬਣਿਆ ਰਹਿਣਾ ਨਹੀਂ ਚਾਹੁੰਦਾ ਹਾਂ।’ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦਾ ਭਤੀਜਾ 2016 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ। ਪਿਛਲੇ ਸਾਲ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਸਮੇਤ ਹੋਰ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।