ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਨੇਮਾਂ ਲਈ ਬਣੇਗੀ ਵਿਸ਼ੇਸ਼ ਕਮੇਟੀ

ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਨੇਮਾਂ ਲਈ ਬਣੇਗੀ ਵਿਸ਼ੇਸ਼ ਕਮੇਟੀ

ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਨੇਮਾਂ ਲਈ ਬਣੇਗੀ ਵਿਸ਼ੇਸ਼ ਕਮੇਟੀ
ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਅੱਜ ਇਥੇ ਹੋਈ, ਜਿਸ ਵਿੱਚ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਤੇ ਕਾਰਜਖੇਤਰ ਸਬੰਧੀ ਨਿਯਮ ਨਿਰਧਾਰਨ ਕਰਨ ਬਾਰੇ ਇਕ ਵਿਸ਼ੇਸ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਸ਼ੋਕ ਮਤਾ ਪਾਸ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਜਾਣਕਾਰੀ ਅਨੁਸਾਰ ਅੱਜ ਦੀ ਮੀਟਿੰਗ ਵਿੱਚ ਰੋਜ਼ਾਨਾ ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਟਿੰਗ ਵਿੱਚ ਦਿੱਲੀ ਸਥਿਤ ਜੰਤਰ-ਮੰਤਰ ’ਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਦੇ ਧਰਨੇ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਇਨ੍ਹਾਂ ਖਿਡਾਰਨਾਂ ਨੂੰ ਮਿਲਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਫ਼ਦ ਦਿੱਲੀ ਭੇਜਿਆ ਜਾਵੇਗਾ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ ਸਿੱਖਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਸਬੰਧੀ ਸਬੂਤਾਂ ਸਮੇਤ ਕੇਂਦਰ ਸਰਕਾਰ ਕੋਲ ਸ਼ਿਕਾਇਤ ਕੀਤੀ ਜਾਵੇਗੀ ਤੇ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਦਾਲਤ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਸੂਬੇ ’ਚ ਨਿਤ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਪ੍ਰਤੀ ਸੂਬਾ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ। ਇਸ ਲਈ ਇਹ ਮਸਲਾ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਰੱਖਿਆ ਜਾਵੇਗਾ। ਗੁਰਦੁਆਰਾ ਗੁਰੂ ਡਾਂਗਮਾਰ ਸਿੱਕਮ ਅਤੇ ਗੁਰਦੁਆਰਾ ਤਪ-ਅਸਥਾਨ ਗੁਰੂ ਨਾਨਕ ਦੇਵ ਮੇਚੁਕਾ ਅਰੁਣਾਚਲ ਪ੍ਰਦੇਸ਼ ਦੇ ਮਾਮਲਿਆਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਸਬੰਧਤ ਸਰਕਾਰਾਂ ਨਾਲ ਗੱਲ ਕਰਨ ਲਈ ਜਾਣਗੀਆਂ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਵਿੱਚ ਛੇਤੀ ਹੀ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਪ੍ਰਫਾਰਮੇ ਭੇਜੇ ਜਾਣਗੇ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ। ਇਸ ਮੀਟਿੰਗ ਵਿੰਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਅੰਤ੍ਰਿਗ ਕਮੇਟੀ ਮੈਂਬਰਾਂ ਸਮੇਤ ਅਧਿਕਾਰੀ ਹਾਜ਼ਰ ਸਨ। 

ad