ਕਾਨੂੰਨ ਵਿਵਸਥਾ ਸਹੀ ਰੱਖਣ 'ਚ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਮਾਨ ਸਰਕਾਰ-ਸ਼ੇਖਾਵਤ

ਕਾਨੂੰਨ ਵਿਵਸਥਾ ਸਹੀ ਰੱਖਣ 'ਚ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਮਾਨ ਸਰਕਾਰ-ਸ਼ੇਖਾਵਤ

ਚੰਡੀਗੜ੍ਹ, -ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਚੰਡੀਗੜ੍ਹ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਲੋਕਾਂ ਨੇ ਜਿਸ ਭਰੋਸੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਸਰਕਾਰ ਬਣਾਈ ਸੀ, ਉਹ ਭਰੋਸਾ ਇਕ ਸਾਲ 'ਚ ਹੀ ਟੁੱਟ ਗਿਆ ਹੈ ਅਤੇ ਸੂਬੇ ਦੇ ਲੋਕ 'ਆਪ' ਦੀ ਸਰਕਾਰ ਤੋਂ ਮੂੰਹ ਮੋੜਨ ਲੱਗੇ ਹਨ | ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਅੱਕੇ ਪੰਜਾਬ ਦੇ ਲੋਕ ਹੁਣ ਭਾਜਪਾ ਵੱਲ ਦੇਖਣ ਲੱਗੇ ਹਨ | ਜਲੰਧਰ ਜ਼ਿਮਨੀ ਚੋਣਾਂ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਭਾਜਪਾ ਜਲੰਧਰ ਜ਼ਿਮਨੀ ਚੋਣ ਸਮੇਤ ਆਉਂਦੀਆਂ ਆਮ ਲੋਕ ਸਭ ਚੋਣਾਂ 'ਚ ਦੇਸ਼ ਅਤੇ ਸੂਬਿਆਂ ਦੀ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਗ਼ਰੀਬਾਂ ਦੇ ਵਿਕਾਸ ਅਤੇ ਭਲਾਈ ਦੇ ਮੁੱਦੇ ਨੂੰ ਲੈ ਕੇ ਲੋਕਾਂ 'ਚ ਜਾਏਗੀ | ਜਲੰਧਰ ਜ਼ਿਮਨੀ ਚੋਣ ਜਿੱਤਣ ਦਾ ਦਾਅਵਾ ਕਰਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਦੀ ਵਿਗੜੀ ਹਾਲਤ ਅਤੇ 'ਆਪ' ਸਰਕਾਰ ਤੋਂ ਨਿਰਾਸ਼ ਹੋ ਕੇ ਪੰਜਾਬੀ ਭਾਜਪਾ ਵਿਚ ਦਿਲਚਸਪੀ ਵਿਖਾ ਰਹੇ ਹਨ | ਜਿਸ ਤੋਂ ਲੱਗਦਾ ਹੈ ਕਿ ਭਾਜਪਾ ਦੇ ਵੋਟ ਫ਼ੀਸਦੀ 'ਚ ਵੱਡਾ ਵਾਧਾ ਹੋਵੇਗਾ | ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਭਾਜਪਾ ਲਈ ਆਪਣੇ ਆਪ ਨੂੰ ਲੋਕਾਂ 'ਚ ਲੈ ਕੇ ਜਾਣ ਅਤੇ ਉਨ੍ਹਾਂ ਦਾ ਭਰੋਸਾ ਹਾਸਲ ਕਰਨ ਦਾ ਇਕ ਚੰਗਾ ਮੌਕਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਭਾਵੇਂ ਭਾਜਪਾ ਨੂੰ 2 ਹੀ ਸੀਟਾਂ ਮਿਲੀਆਂ ਪਰ ਉਨ੍ਹਾਂ ਦਾ ਵੋਟ ਫ਼ੀਸਦੀ ਵਧਿਆ ਹੈ ਜੋ ਲੋਕਾਂ ਦੇ ਸਾਡੀ ਪਾਰਟੀ 'ਚ ਭਰੋਸਾ ਵਧਣ ਦੇ ਸਿੱਧੇ ਸੰਕੇਤ ਹਨ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਗ਼ੈਰ ਜ਼ਿੰਮੇਵਾਰ ਅਤੇ ਗ਼ੈਰ ਤਜ਼ਰਬੇਕਾਰ ਹੈ, ਜਿਸ ਦੇ ਚਲਦੇ ਸਰਕਾਰ ਹਰ ਫ਼ਰੰਟ 'ਤੇ ਅਸਫਲ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ | ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਪੰਜਾਬੀਆਂ 'ਚ ਜੋ ਉਤਸ਼ਾਹ ਦੇਖਣ ਨੂੰ ਮਿਲਿਆ ਸੀ ਉਹ ਹੁਣ ਸਰਕਾਰ ਦੇ ਗ਼ੈਰ ਜ਼ਿੰਮੇਵਾਰਾਨਾ ਤਰੀਕਿਆਂ ਦੇ ਚਲਦੇ ਖਤਮ ਹੋ ਗਿਆ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੰਵੇਦਨਸ਼ੀਲ ਸੂਬਾ ਹੈ ਇਸ ਲਈ ਸਰਕਾਰ ਨੂੰ ਹਰ ਮਸਲੇ 'ਤੇ ਪੂਰੀ ਸੰਜੀਦਗੀ ਨਾਲ ਕੰਮ ਕਰਨਾ ਪੈਣਾ ਹੈ | ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਤ ਬਣ ਰਹੇ ਹਨ ਇਹ ਨਾ ਹੋਵੇ ਕਿ ਸਥਿਤੀ ਹੋਰ ਵਿਗੜ ਜਾਵੇ ਜਿਸ ਦੇ ਚਲਦੇ ਸਰਕਾਰ ਗੰਭੀਰਤਾ ਨਾਲ ਕੰਮ ਕਰੇ | ਸ਼ੇਖਾਵਤ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾ 'ਆਪ' ਆਗੂਆਂ ਵਲੋਂ ਜੋ ਮਹੀਨਿਆਂ 'ਚ ਪੂਰੀਆਂ ਕਰਨ ਵਾਲੀਆਂ ਗਰੰਟੀਆਂ ਦਿੱਤੀਆਂ ਗਈਆਂ ਸਨ ਉਸ ਨੂੰ ਲੈ ਕੇ ਲੋਕ ਕਾਫ਼ੀ ਭਰੋਸਾ ਕਰ ਬੈਠੇ ਸਨ ਪਰ ਇਕ ਸਾਲ ਬੀਤ ਜਾਣ ਮਗਰੋਂ ਵੀ 'ਆਪ' ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰਨ 'ਚ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ 'ਚ ਸੱਤਾ ਦੇ ਕਈ ਕੇਂਦਰ ਹੋਣ ਦੇ ਚਲਦਿਆਂ ਨਾ ਸੂਬਾ ਵਿਕਾਸ ਕਾਰਜ ਪੂਰੇ ਕਰ ਪਾ ਰਿਹਾ ਹੈ ਨਾ ਹੀ ਲੋਕ ਭਲਾਈ ਦੇ ਕੰਮ | ਇਕ ਸਵਾਲ ਦੇ ਜਵਾਬ 'ਚ ਸ਼ੇਖਾਵਤ ਨੇ ਕਿਹਾ ਕਿ ਪੰਜਾਬ 'ਚ ਨਸ਼ਾ ਅਤੇ ਬੰਦੂਕ ਕਲਚਰ ਸਮੇਤ ਹੋਰ ਅਪਰਾਧ ਸਿਖਰ 'ਤੇ ਹਨ | ਖਿਡਾਰੀਆਂ, ਪੱਤਰਕਾਰਾਂ, ਗਾਇਕਾਂ ਤੇ ਵਪਾਰੀਆਂ ਨੂੰ ਫਿਰੌਤੀ ਲਈ ਫ਼ੋਨ ਆਉਣਾ ਆਮ ਗੱਲ ਹੋ ਗਈ ਹੈ ਜਿਸ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਪਾਣੀਆਂ ਦੇ ਮਸਲੇ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਦੀ ਮੌਜੂਦਗੀ 'ਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਹੋਈ ਸੀ, ਇਸ ਦਾ ਹੱਲ ਦੋਵੇਂ ਸੂਬੇ ਆਪਸੀ ਸਹਿਮਤੀ ਨਾਲ ਹੀ ਵਧੀਆ ਤਰੀਕੇ ਕਰ ਲੈਣਗੇ | ਦੇਸ਼ 'ਚ ਪਾਣੀ ਦੀ ਕਮੀ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਦਰਿਆਵਾਂ ਦੇ ਪਾਣੀ ਨੂੰ ਰੋਕਣ ਦੀ ਯੋਜਨਾ ਦਾ ਕੰਮ ਹੁਣ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ | ਭਾਰਤ, ਪਾਕਿਸਤਾਨ ਨੂੰ ਦਿੱਤਾ ਜਾਣ ਵਾਲਾ ਪਾਣੀ ਰੋਕਣ ਦੀ ਤਿਆਰੀ ਕਰ ਰਿਹਾ ਹੈ | ਰਾਵੀ ਨਦੀ 'ਤੇ ਬਣਾਏ ਜਾ ਰਹੇ ਬੈਰਾਜ ਦੇ ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ ਪਾਣੀ ਦੀ ਇਕ ਬੂੰਦ ਵੀ ਪਾਕਿਸਤਾਨ ਨਹੀਂ ਜਾਵੇਗੀ ਅਤੇ ਭਾਰਤ ਦਾ ਪਾਣੀ ਸਿਰਫ਼ ਦੇਸ਼ 'ਚ ਹੀ ਵਰਤਿਆ ਜਾਵੇਗਾ |

ad