ਬੇਕਸੂਰ ਨੌਜਵਾਨਾਂ ਦੀ ਗਿ੍ਫ਼ਤਾਰੀ ਵਿਰੁੱਧ ਸ਼੍ਰੋਮਣੀ ਕਮੇਟੀ ਵਲੋਂ ਰੋਸ ਮਾਰਚ

ਬੇਕਸੂਰ ਨੌਜਵਾਨਾਂ ਦੀ ਗਿ੍ਫ਼ਤਾਰੀ ਵਿਰੁੱਧ ਸ਼੍ਰੋਮਣੀ ਕਮੇਟੀ ਵਲੋਂ ਰੋਸ ਮਾਰਚ

ਅੰਮਿ੍ਤਸਰ, - ਸ਼ੋ੍ਰਮਣੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ, ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਕਵੀਸ਼ਰਾਂ ਅਤੇ ਸੈਂਕੜੇ ਕਰਮਚਾਰੀਆਂ ਵਲੋਂ ਅੱਜ ਪ੍ਰਧਾਨ ਐੈਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਅੰਮਿ੍ਤਪਾਲ ਸਿੰਘ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਸੈਂਕੜੇ ਬੇਕਸੂਰ ਨੌਜਵਾਨਾਂ ਦੀ ਰਿਹਾਈ ਤੇ ਲਗਾਏ ਐੱਨ.ਐੱਸ.ਏ. ਨੂੰ ਹਟਾਉਣ ਦੀ ਮੰਗ ਅਤੇ ਮੁੱਖ ਮੰਤਰੀ ਵਲੋਂ ਬੀਤੇ ਦਿਨੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਅਤੇ ਆਭਾ ਨੂੰ ਠੇਸ ਪਹੁੰਚਾਉਣ ਵਾਲੀਆਂ ਕੀਤੀਆਂ ਟਿੱਪਣੀਆਂ ਵਿਰੁੱਧ ਅੱਜ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ ਦੌਰਾਨ ਬਾਰਿਸ਼ ਦੇ ਬਾਵਜੂਦ ਜ਼ਿਲ੍ਹਾ ਕਚਹਿਰੀ ਬਾਹਰ ਕਿਚਲੂ ਵਿਖੇ ਕੁਝ ਸਮਾਂ ਸੰਕੇਤਕ ਰੂਪ ਵਿਚ ਰੋਸ ਧਰਨਾ ਵੀ ਦਿੱਤਾ ਗਿਆ | ਇਸ ਰੋਸ ਧਰਨੇ ਦੌਰਾਨ ਹੀ ਸ਼੍ਰੋਮਣੀ ਕਮੇਟੀ ਦੇ ਪੰਜ ਮੈਂਬਰ, ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਤੁਗਲਵਾਲ, ਸਰਵਨ ਸਿੰਘ ਕੁਲਾਰ ਅਤੇ ਸੁਰਜੀਤ ਸਿੰਘ ਭਿੱਟੇਵੱਡ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ, ਜਿਥੇ ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਮੁੱਖ ਮੰਤਰੀ ਦੇ ਨਾਂਅ ਮੈਮੋਰੰਡਮ ਸੌਂਪਿਆ |
ਮੌਜੂਦਾ ਹਾਲਾਤ ਲਈ ਪੰਜਾਬ ਤੇ ਕੇਂਦਰ ਸਰਕਾਰ ਜ਼ਿੰਮੇਵਾਰ-ਧਾਮੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਲਈ ਸਿੱਧੇ ਤੌਰ 'ਤੇ ਪੰਜਾਬ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਸਲ ਹਕੀਕਤ ਨੂੰ ਸਮਝਣ ਦੀ ਥਾਂ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬ ਬਾਰੇ ਨੀਵੇਂ ਪੱਧਰ ਦੀਆਂ ਟਿੱਪਣੀਆਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ
ਮਾਣ-ਮਰਯਾਦਾ ਅਤੇ ਕੌਮੀ ਅਗਵਾਈ ਕਿਸੇ ਦੁਨਿਆਵੀ ਤਖ਼ਤ ਦੀ ਤਰ੍ਹਾਂ ਨਹੀਂ, ਬਲਕਿ ਇਹ ਸਿਧਾਂਤਕ ਅਤੇ ਗੁਰੂ ਸਾਹਿਬ ਵਲੋਂ ਦਿੱਤੀ ਵਿਚਾਰਧਾਰਾ ਦੀ ਸੇਧ ਵਿਚ ਹੈ | ਉਨ੍ਹਾਂ ਕਿਹਾ ਕਿ ਐੱਨ. ਐੱਸ. ਏ. ਲਗਾ ਕੇ ਆਸਾਮ ਭੇਜੇ ਨੌਜਵਾਨਾਂ ਨੂੰ ਪੰਜਾਬ ਲਿਆਂਦਾ ਜਾਵੇ ਤੇ ਸਾਰੇ ਬੇਕਸੂਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਫੌਜਦਾਰੀ ਕੇਸਾਂ ਵਾਲੇ ਮਾਮਲਿਆਂ ਦਾ ਰਿਵੀਊ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਧਾਰਾ 107/51 ਵਾਲੇ ਨੌਜਵਾਨ ਜ਼ਮਾਨਤ 'ਤੇ ਹਨ, ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਨੌਜਵਾਨਾਂ ਦੀ ਕਾਨੂੰਨੀ ਪੈਰਵਾਈ ਲਈ ਵਕੀਲਾਂ ਦਾ ਪੈਨਲ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਵਿਚ ਗਠਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਬੰਦੀ ਸਿੰਘ ਦੀ ਰਿਹਾਈ ਲਈ ਜਲਦੀ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ | ਇਸ ਮੌਕੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਲਵਿੰਦਰ ਸਿੰਘ ਪੱਖੋਕੇ, ਭਾਈ ਰਾਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਗੁਰਨਾਮ ਸਿੰਘ ਜੱਸਲ, ਸੁਰਜੀਤ ਸਿੰਘ ਤੁਗਲਵਾਲ, ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸਰਵਣ ਸਿੰਘ ਕੁਲਾਰ, ਮੰਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਅਜਾਇਬ ਸਿੰਘ ਅਭਿਆਸੀ, ਗੁਰਬਚਨ ਸਿੰਘ ਕਰਮੂੰਵਾਲਾ, ਖੁਸ਼ਵਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਬੰਡਾਲਾ, ਜਰਨੈਲ ਸਿੰਘ ਡੋਗਰਾਵਾਲਾ, ਅਮਰੀਕ ਸਿੰਘ ਵਿਛੋਆ, ਅਮਰਜੀਤ ਸਿੰਘ ਭਲਾਈਪੁਰ, ਬਾਬਾ ਟੇਕ ਸਿੰਘ, ਬਲਵਿੰਦਰ ਸਿੰਘ ਵੇਂਈਪੂਈਾ, ਬੀਬੀ ਗੁਰਪ੍ਰੀਤ ਕੌਰ, ਬੀਬੀ ਜੋਗਿੰਦਰ ਕੌਰ ਆਦਿ ਮੈਂਬਰਾਂ ਤੋਂ ਇਲਾਵਾ ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ. ਸਤਬੀਰ ਸਿੰਘ ਧਾਮੀ, ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਵਧੀਕ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਬਿਜੈ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਗੁਰਮੀਤ ਸਿੰਘ ਬੁੱਟਰ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਸ਼ਾਹਬਾਜ਼ ਸਿੰਘ, ਤੇਜਿੰਦਰ ਸਿੰਘ ਪੱਡਾ, ਗੁਰਚਰਨ ਸਿੰਘ ਕੁਹਾਲਾ, ਪ੍ਰੋ. ਸੁਖਦੇਵ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਤੇ ਰਾਜਿੰਦਰ ਸਿੰਘ ਰੂਬੀ ਅਤੇ ਬੁਲਾਰੇ ਹਰਭਜਨ ਸਿੰਘ ਵਕਤਾ ਸਮੇਤ ਹਜ਼ੂਰੀ ਰਾਗੀ ਭਾਈ ਉਂਕਾਰ ਸਿੰਘ ਸਮੇਤ ਹੋਰ ਪ੍ਰਚਾਰਕ ਅਤੇ ਢਾਡੀ ਤੇ ਕਵੀਸ਼ਰੀ ਜਥੇ ਆਦਿ ਵੀ ਸ਼ਾਮਿਲ ਸਨ |
ਮੈਮੋਰੰਡਮ ਦੀ ਇਬਾਰਤ
ਮੁੱਖ ਮੰਤਰੀ ਦੇ ਨਾਂਅ ਭੇਜੇ ਮੈਮੋਰੰਡਮ ਵਿਚ ਬੀਤੇ ਦਿਨਾਂ ਅੰਦਰ ਅੰਮਿ੍ਤਪਾਲ ਸਿੰਘ ਨੂੰ ਫੜਨ ਦੀ ਆੜ ਵਿਚ ਗਿ੍ਫ਼ਤਾਰ ਕੀਤੇ ਸਾਰੇ ਬੇਕਸੂਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਨੌਜਵਾਨਾਂ 'ਤੇ ਲਗਾਇਆ ਐੱਨ.ਐੱਸ.ਏ. ਹਟਾਉਣ ਦੀ ਮੰਗ ਕੀਤੀ ਗਈ | ਇਸ ਦੇ ਨਾਲ ਹੀ ਮੈਮੋਰੰਡਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਉਨ੍ਹਾਂ (ਮੁੱਖ ਮੰਤਰੀ) ਵਲੋਂ ਕੀਤੀਆਂ ਗਈਆਂ ਗ਼ੈਰ-ਸਿਧਾਂਤਕ ਟਿੱਪਣੀਆਂ ਦੀ ਵੀ ਆਲੋਚਨਾ ਕੀਤੀ ਗਈ | ਮੈਮੋਰੰਡਮ ਵਿਚ ਸਾਫ਼ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਉਨ੍ਹਾਂ ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਆਪਣਾ ਫ਼ਰਜ਼ ਬਾਖੂਬੀ ਨਿਭਾਇਆ ਹੈ | ਪੱਤਰ ਦੀ ਇਬਾਰਤ ਅਨੁਸਾਰ ਅੰਮਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਨ ਦੀ ਆੜ ਵਿਚ ਵੱਡੀ ਗਿਣਤੀ ਬੇਕਸੂਰ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨਾ ਠੀਕ ਨਹੀਂ ਹੈ ਤੇ ਇਸ ਵਰਤਾਰੇ ਨਾਲ ਦੇਸ਼ ਅੰਦਰ ਸਿੱਖਾਂ ਵਿਰੁੱਧ ਇਕ ਸਾਜ਼ਿਸ਼ ਤਹਿਤ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਜੋ ਸਿੱਖ ਕੌਮ ਦੇ ਨਾਲ-ਨਾਲ ਪੰਜਾਬ ਲਈ ਵੀ ਚੰਗਾ ਨਹੀਂ | ਇਸ ਪੱਤਰ ਰਾਹੀਂ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਗਿਆ ਕਿ ਪੰਜਾਬ ਨੇ ਹਮੇਸ਼ਾਂ ਹੀ ਭਾਰਤ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਅਤੇ ਹੱਦਾਂ ਸਰਹੱਦਾਂ ਦੀ ਰਾਖੀ ਕਰਨ ਲਈ ਮੋਹਰੀ ਭੂਮਿਕਾ ਨਿਭਾਈ ਹੈ | ਪੰਜਾਬ ਦੇ ਸਰੋਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੱਕ ਸੱਚ ਤੇ ਮਨੁੱਖਤਾ ਦੀ ਭਲਾਈ ਵਾਲੀ ਸੋਚ 'ਤੇ ਆਧਾਰਿਤ ਹਨ | ਸਿੱਖ ਹਮੇਸ਼ਾਂ ਦੇਸ਼ ਲਈ ਕੁਰਬਾਨੀਆਂ ਦਿੰਦੇ ਰਹੇ ਹਨ ਅਤੇ ਆਜ਼ਾਦੀ ਦੇ ਘੋਲ ਦੌਰਾਨ ਇਹ ਕੁਰਬਾਨੀਆਂ 80 ਫੀਸਦੀ ਤੋਂ ਵੱਧ ਸਨ | ਪਰ ਦੇਸ਼ ਦੀ ਆਜ਼ਾਦੀ ਮਗਰੋਂ ਸਿੱਖਾਂ ਦੇ ਮਸਲਿਆਂ ਪ੍ਰਤੀ ਸਰਕਾਰਾਂ ਨੇ ਹਮੇਸ਼ਾਂ ਹੀ ਉਦਾਸੀਨਤਾ ਵਾਲੀ ਨੀਤੀ ਅਪਣਾਈ ਰੱਖੀ, ਜਿਸ ਕਰਕੇ ਸਿੱਖ ਕੌਮ ਅੰਦਰ ਰੋਸ ਰਹਿੰਦਾ ਹੈ | ਸਿੱਖਾਂ ਦੇ ਇਨ੍ਹਾਂ ਸਰੋਕਾਰਾਂ ਨੂੰ ਸਮਝੇ ਬਿਨਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਗਵਾਈ ਕਰਨੀ ਸੰਭਵ ਨਹੀਂ | ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੌਜੂਦਾ ਮਾਹੌਲ ਨੂੰ ਲੈ ਕੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 27 ਮਾਰਚ ਨੂੰ ਸਿੱਖ ਨੁੰਮਾਇੰਦਿਆਂ ਨਾਲ ਇਕੱਤਰਤਾ ਕਰਕੇ ਵਿਚਾਰ ਵਟਾਂਦਰੇ ਬਾਅਦ ਕੌਮ ਅਤੇ ਪੰਜਾਬ ਦੇ ਭਲੇ ਲਈ ਆਦੇਸ਼ ਜਾਰੀ ਕੀਤੇ ਸਨ, ਪਰ ਦੁੱਖ ਦੀ ਗੱਲ ਹੈ ਕਿ ਤੁਸੀਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਅਤੇ ਆਭਾ ਨੂੰ ਹੀ ਚੁਣੌਤੀ ਦੇ ਦਿੱਤੀ | ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਸਿਧਾਂਤਕ ਹੈ ਨਾ ਕਿ ਕਿਸੇ ਦੁਨਿਆਵੀ ਤਖਤ ਵਰਗੀ | ਪੱਤਰ ਵਿਚ ਮੁੱਖ ਮੰਤਰੀ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਪ੍ਰਤੀ ਗਹਿਰ ਗੰਭੀਰ ਅਧਿਐਨ ਕਰਨ ਦੀ ਸਲਾਹ ਦਿੰਦਿਆਂ ਪੰਜਾਬ ਦੇ ਸਰੋਕਾਰਾਂ ਵਿਰੁੱਧ ਭੁਗਤਣ ਤੋਂ ਬਚਣ ਲਈ ਕਿਹਾ ਗਿਆ |

ad