ਟਰੰਪ ਨੂੰ ਆਸ: ਅਮਰੀਕੀ ਵਸਤਾਂ ਤੋਂ ਟੈਕਸ ਘਟਾਏਗਾ ਭਾਰਤ

ਟਰੰਪ ਨੂੰ ਆਸ: ਅਮਰੀਕੀ ਵਸਤਾਂ ਤੋਂ ਟੈਕਸ ਘਟਾਏਗਾ ਭਾਰਤ

ਅਮਰੀਕੀ ਰਾਸ਼ਟਰਪਤੀ ਨੇ 2 ਅਪਰੈਲ ਤੋਂ ਭਾਰਤ ’ਤੇ ਜਵਾਬੀ ਟੈਕਸ ਲਗਾਉਣ ਦੀ ਧਮਕੀ ਦੁਹਰਾਈ

ਨਿਊਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਨਣਾ ਹੈ ਕਿ ਭਾਰਤ, ਅਮਰੀਕੀ ਵਸਤਾਂ ’ਤੇ ਲਗਾਏ ਜਾਂਦੇ ਟੈਕਸ ਘਟਾਏਗਾ। ਹਾਲਾਂਕਿ ਟਰੰਪ ਨੇ 2 ਅਪਰੈਲ ਤੋਂ ਭਾਰਤ ’ਤੇ ਜਵਾਬੀ ਟੈਕਸ ਲਗਾਉਣ ਦੀ ਆਪਣੀ ਧਮਕੀ ਨੂੰ ਦੁਹਰਾਇਆ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਭਾਰਤ ਆਪਣੇ ਟੈਕਸਾਂ ’ਚ ਕਾਫੀ ਕਟੌਤੀ ਕਰਨ ’ਤੇ ਸਹਿਮਤ ਹੋ ਗਿਆ ਹੈ। ਅਮਰੀਕੀ ਸਮਾਚਾਰ ਵੈੱਬਸਾਈਟ ‘ਬ੍ਰੇਇਟਬਾਰਟ ਨਿਊਜ਼’ ਨੂੰ ਦਿੱਤੇ ਇੰਟਰਵਿਊ ’ਚ ਟਰੰਪ ਨੇ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਿਛਲੇ ਮਹੀਨੇ ਹੋਈ ਵਾਰਤਾ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਕਿਹਾ ਕਿ ਭਾਰਤ ਨਾਲ ਉਨ੍ਹਾਂ ਦੇ ਬਹੁਤ ਹੀ ਵਧੀਆ ਸਬੰਧ ਹਨ। ਟਰੰਪ ਨੇ ਕਿਹਾ, ‘‘ਭਾਰਤ ਨਾਲ ਮੇਰੀ ਇਕੋ ਸਮੱਸਿਆ ਇਹ ਹੈ ਕਿ ਉਹ ਦੁਨੀਆ ’ਚ ਸਭ ਤੋਂ ਵੱਧ ਟੈਕਸ ਵਸੂਲਣ ਵਾਲੇ ਮੁਲਕਾਂ ’ਚੋਂ ਇਕ ਹੈ। ਮੇਰਾ ਮੰਨਣਾ ਹੈ ਕਿ ਉਹ ਸ਼ਾਇਦ ਟੈਕਸਾਂ ਨੂੰ ਕਾਫੀ ਹੱਦ ਤੱਕ ਘੱਟ ਕਰਨ ਜਾ ਰਹੇ ਹਨ ਪਰ 2 ਅਪਰੈਲ ਤੋਂ ਅਸੀਂ ਉਨ੍ਹਾਂ ਤੋਂ ਉਹੀ ਟੈਕਸ ਵਸੂਲਾਂਗੇ ਜੋ ਉਹ ਸਾਡੇ ਤੋਂ ਵਸੂਲਦੇ ਹਨ।’’ ਭਾਰਤ-ਪੱਛਮੀ ਏਸ਼ੀਆ-ਯੂਰਪ-ਆਰਥਿਕ ਲਾਂਘੇ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਚੀਨ ਦਾ ਜ਼ਿਕਰ ਨਹੀਂ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਮੁਲਕਾਂ ਦਾ ਇਕ ਗਰੁੱਪ ਹੈ ਜੋ ਵਪਾਰ ’ਚ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋਰ ਮੁਲਕਾਂ ਦਾ ਟਾਕਰਾ ਕਰਨ ਲਈ ਇਕਜੁੱਟ ਹੋ ਰਿਹਾ ਹੈ।

sant sagar