ਭਾਰਤ ’ਚ ਕਿਸੇ ਹੋਰ ਨੂੰ ਸੱਤਾ ’ਚ ਲਿਆਉਣਾ ਚਾਹੁੰਦਾ ਸੀ ਬਾਇਡਨ ਪ੍ਰਸ਼ਾਸਨ: ਟਰੰਪ

ਭਾਰਤ ’ਚ ਕਿਸੇ ਹੋਰ ਨੂੰ ਸੱਤਾ ’ਚ ਲਿਆਉਣਾ ਚਾਹੁੰਦਾ ਸੀ ਬਾਇਡਨ ਪ੍ਰਸ਼ਾਸਨ: ਟਰੰਪ

ਭਾਰਤ ’ਚ ਵੋਟ ਫ਼ੀਸਦ ਵਧਾਉਣ ਲਈ ਫੰਡ ਦੇਣ ਦੇ ਬਾਇਡਨ ਪ੍ਰਸ਼ਾਸਨ ਦੇ ਫ਼ੈਸਲੇ ’ਤੇ ਮੁੜ ਚੁੱਕੇ ਸਵਾਲ

ਨਿਊਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਾਇਡਨ ਪ੍ਰਸ਼ਾਸਨ ਵੱਲੋਂ ਵੋਟ ਫ਼ੀਸਦ ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇਣ ਦੇ ਫ਼ੈਸਲੇ ’ਤੇ ਮੁੜ ਸਵਾਲ ਚੁੱਕੇ ਹਨ। ਟਰੰਪ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਬਾਇਡਨ ਪ੍ਰਸ਼ਾਸਨ ਭਾਰਤ ’ਚ ਕਿਸੇ ਹੋਰ ਨੂੰ ਸੱਤਾ ’ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਟਰੰਪ ਨੇ ਵੀਰਵਾਰ ਨੂੰ ਮਿਆਮੀ ’ਚ ਐੱਫਆਈਆਈ ਤਰਜੀਹੀ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਪਹਿਲਾਂ ਵੀ ਅਜਿਹੇ ਫਿਕਰ ਜਤਾਏ ਸਨ ਅਤੇ ਮਾਲੀ ਸਹਾਇਤਾ ਦੇਣ ਦੀ ਲੋੜ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਸੰਮੇਲਨ ਦੌਰਾਨ ਕੁਝ ਮਿਸਾਲਾਂ ਵੀ ਦਿੱਤੀਆਂ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਮਰੀਕਾ ਦਾ ਪੈਸਾ ਕਿਥੇ ਜਾ ਰਿਹਾ ਸੀ। ਉਨ੍ਹਾਂ ਕਿਹਾ, ‘‘ਭਾਰਤ ’ਚ ਵੋਟ ਫ਼ੀਸਦ ਵਧਾਉਣ ਲਈ 2.1 ਅਰਬ ਡਾਲਰ ਖ਼ਰਚ ਕਰਨ ਦੀ ਸਾਨੂੰ ਲੋੜ ਕਿਉਂ ਹੈ? ਮੈਨੂੰ ਜਾਪਦਾ ਹੈ ਕਿ ਬਾਇਡਨ ਪ੍ਰਸ਼ਾਸਨ ਕਿਸੇ ਹੋਰ ਨੂੰ ਸੱਤਾ ’ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਨੂੰ ਇਹ ਗੱਲ ਭਾਰਤ ਸਰਕਾਰ ਨੂੰ ਦੱਸਣੀ ਪਵੇਗੀ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਬੰਗਲਾਦੇਸ਼ ’ਚ ਸਿਆਸਤ ਦੀ ਮਜ਼ਬੂਤੀ ਲਈ 2.9 ਕਰੋੜ ਡਾਲਰ ਦਿੱਤੇ ਗਏ ਪਰ ਏਸ਼ੀਆ ਵਧੀਆ ਕਰ ਰਿਹਾ ਹੈ, ਸਾਨੂੰ ਉਨ੍ਹਾਂ ਨੂੰ ਪੈਸਾ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ਼ ਕੁਝ ਫੰਡਿੰਗ ਹੈ ਪਰ ਸੂਚੀ ਬਹੁਤ ਲੰਮੀ ਹੈ। ਅਮਰੀਕਾ ਦੇ ਅਰਬਪਤੀ ਐਲਨ ਮਸਕ ਦੀ ਅਗਵਾਈ ਹੇਠਲੇ ਯੂਐੱਸ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (ਡੀਓਜੀਈ) ਵੱਲੋਂ ਭਾਰਤ ਵਿੱਚ ਵੋਟ ਫ਼ੀਸਦ ਵਧਾਉਣ ਲਈ ਦਿੱਤੇ ਗਏ 2.1 ਕਰੋੜ ਡਾਲਰ ਸਮੇਤ ਹੋਰ ਖ਼ਰਚਿਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਸੀ। 

ਯੂਐੱਸਏਡ ਸਬੰਧੀ ਵ੍ਹਾਈਟ ਪੇਪਰ ਜਾਰੀ ਕਰੇ ਸਰਕਾਰ: ਕਾਂਗਰਸ
ਨਵੀਂ ਦਿੱਲੀ: ਭਾਰਤ ’ਚ ਵੋਟ ਫ਼ੀਸਦ ਵਧਾਉਣ ਲਈ ਯੂਐੱਸਏਡ ਵੱਲੋਂ ਦਿੱਤੇ ਗਏ ਫੰਡ ’ਤੇ ਪੈਦਾ ਹੋਏ ਵਿਵਾਦ ਦਰਮਿਆਨ ਕਾਂਗਰਸ ਨੇ ਅੱਜ ਮੰਗ ਕੀਤੀ ਕਿ ਇਸ ਸੰਸਥਾ ਵੱਲੋਂ ਭਾਰਤ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਨੂੰ ਦਿੱਤੇ ਗਏ ਸਹਿਯੋਗ ਦਾ ਬਿਓਰਾ ਦਿੰਦਿਆਂ ਵ੍ਹਾਈਟ ਪੇਪਰ ਜਾਰੀ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ‘ਯੂਐੱਸਏਡ’ ਦੇ ਸੰਦਰਭ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੇ ਜਾ ਰਹੇ ਦਾਅਵੇ ਬੇਤੁਕੇ ਹਨ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਯੂਐੱਸਏਡ ਵੱਲੋਂ ਦਹਾਕਿਆਂ ਤੋਂ ਦਿੱਤੇ ਗਏ ਫੰਡਾਂ ਦਾ ਜ਼ਿਕਰ ਕਰਦਿਆਂ ਵ੍ਹਾਈਟ ਪੇਪਰ ਕੱਢਿਆ ਜਾਣਾ ਚਾਹੀਦਾ ਹੈ। 

ਰਾਹੁਲ ‘ਵਿਦੇਸ਼ੀ ਏਜੰਸੀਆਂ ਦੇ ਹੱਥਠੋਕੇ’ ਵਜੋਂ ਕਰ ਰਹੇ ਨੇ ਕੰਮ: ਭਾਜਪਾ
ਨਵੀਂ ਦਿੱਲੀ: ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਨਾਲ ਸਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਪ੍ਰਚਾਰ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਦਾਅਵੇ ਦੀ ਪੁਸ਼ਟੀ ਹੁੰਦੀ ਹੈ ਕਿ ਵਿਦੇਸ਼ੀ ਤਾਕਤਾਂ ਉਨ੍ਹਾਂ ਨੂੰ ਸੱਤਾ ’ਚ ਆਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੇਸ਼ ਦੇ ਰਣਨੀਤਕ ਅਤੇ ਭੂ-ਸਿਆਸੀ ਹਿੱਤਾਂ ਨੂੰ ਅਣਗੌਲਿਆ ਕਰਕੇ ‘ਵਿਦੇਸ਼ੀ ਏਜੰਸੀਆਂ ਦਾ ਹੱਥਠੋਕਾ ਬਣ ਕੇ’ ਆਲਮੀ ਨੈੱਟਵਰਕਾਂ ਨਾਲ ਰਲ ਗਏ ਸਨ। ਮਾਲਵੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਮਾਰਚ 2023 ’ਚ ਲੰਡਨ ਗਏ ਸਨ ਅਤੇ ਉਨ੍ਹਾਂ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਲਈ ਵਿਦੇਸ਼ੀ ਤਾਕਤਾਂ ਨੂੰ ਅਪੀਲ ਕੀਤੀ ਸੀ।

ਜੇ ਟੈਸਲਾ ਭਾਰਤ ’ਚ ਫੈਕਟਰੀ ਲਗਾਏ ਤਾਂ ਇਹ ਅਮਰੀਕਾ ਲਈ ਠੀਕ ਨਹੀਂ ਹੋਵੇਗਾ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇ ਐਲਨ ਮਸਕ ਦੀ ਟੈਸਲਾ ਕੰਪਨੀ ਭਾਰਤ ਦੇ ਟੈਕਸਾਂ ਤੋਂ ਬਚਣ ਲਈ ਉੱਥੇ ਫੈਕਟਰੀ ਲਗਾਉਂਦੀ ਹੈ ਤਾਂ ਇਹ ਅਮਰੀਕਾ ਨਾਲ ਬੇਇਨਸਾਫ਼ੀ ਹੋਵੇਗੀ। ਟਰੰਪ ਦਾ ਇਹ ਬਿਆਨ ਟੈਕਸਾਂ ’ਚ ਵਾਧਾ ਕਰਨ ਦੇ ਉਨ੍ਹਾਂ ਦੇ ਫ਼ੈਸਲਿਆਂ ਦਰਮਿਆਨ ਆਇਆ ਹੈ। ਟਰੰਪ ਨੇ ‘ਫੌਕਸ ਨਿਊਜ਼’ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਮਸਕ ਲਈ ਭਾਰਤ ’ਚ ਕਾਰ ਵੇਚਣਾ ‘ਅਸੰਭਵ’ ਹੈ। ਉਨ੍ਹਾਂ ਕਿਹਾ, ‘ਦੁਨੀਆ ਦਾ ਹਰ ਮੁਲਕ ਸਾਡਾ ਫਾਇਦਾ ਚੁੱਕਦਾ ਹੈ ਅਤੇ ਉਹ ਟੈਕਸ ਲਗਾਉਂਦੇ ਹਨ। ਮਿਸਾਲ ਵਜੋਂ ਭਾਰਤ ’ਚ ਕਾਰ ਵੇਚਣਾ ਬਹੁਤ ਮੁਸ਼ਕਲ ਹੈ।’’ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ, ‘‘ਜੇ ਉਹ (ਮਸਕ) ਭਾਰਤ ’ਚ ਫੈਕਟਰੀ ਲਗਾਉਂਦੇ ਹਨ ਤਾਂ ਠੀਕ ਹੈ ਪਰ ਇਹ ਸਾਡੇ ਨਾਲ ਬੇਇਨਸਾਫ਼ੀ ਹੋਵੇਗੀ। ਇਹ ਠੀਕ ਨਹੀਂ ਹੋਵੇਗਾ।’’ ਜ਼ਿਕਰਯੋਗ ਹੈ ਕਿ ਮਸਕ ਦੀ ਕੰਪਨੀ ਟੈਸਲਾ ਨੇ ਭਾਰਤ ’ਚ ਵੱਖ ਵੱਖ ਅਹੁਦਿਆਂ ’ਤੇ ਭਰਤੀ ਲਈ ਇਸ਼ਤਿਹਾਰ ਦਿੱਤੇ ਹਨ।
 

ad