ਗਾਜ਼ਾ ਪੱਟੀ ਆਪਣੇ ‘ਅਧੀਨ’ ਕਰੇਗਾ ਅਮਰੀਕਾ: ਟਰੰਪ

ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਐਲਾਨ
ਨਿਊਯਾਰਕ/ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਣਕਿਆਸਿਆ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ‘ਗਾਜ਼ਾ ਪੱਟੀ ’ਤੇ ਆਪਣੀ ਮਾਲਕੀ ਕਾਇਮ ਕਰੇਗਾ’, ‘ਇਸ ਨੂੰ ਆਪਣੇ ਅਧੀਨ ਕਰੇਗਾ’ ਅਤੇ ਉੱਥੇ ਆਰਥਿਕ ਵਿਕਾਸ ਕਰੇਗਾ ਜਿਸ ਨਾਲ ਲੋਕਾਂ ਲਈ ‘ਵੱਡੀ ਗਿਣਤੀ ’ਚ ਰੁਜ਼ਗਾਰ ਤੇ ਰਿਹਾਇਸ਼’ ਦੇ ਮੌਕੇ ਮੁਹੱਈਆ ਹੋਣਗੇ।
ਵ੍ਹਾਈਟ ਹਾਊਸ ’ਚ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇੱਕ ਸਾਂਝੇ ਪੱਤਰਕਾਰ ਸੰਮੇਲਨ ’ਚ ਇਹ ਗੱਲਾਂ ਕਹੀਆਂ। ਟਰੰਪ ਨੇ ਇਹ ਵੀ ਸੁਝਾਅ ਦਿੱਤਾ ਕਿ ਅਮਰੀਕਾ ਉਸ ਥਾਂ ਨੂੰ ਵਿਕਸਿਤ ਕਰੇਗਾ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਕਿ ਉੱਥੇ ਕਿਸ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਟਰੰਪ ਨੇ ਕਿਹਾ, ‘ਅਮਰੀਕਾ ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲਵੇਗਾ ਅਤੇ ਅਸੀਂ ਇਸ ਨੂੰ ਵਿਕਸਿਤ ਕਰਾਂਗੇ। ਇਸ ’ਤੇ ਸਾਡਾ ਅਧਿਕਾਰ ਹੋਵੇਗਾ ਅਤੇ ਉੱਥੇ ਮੌਜੂਦ ਸਾਰੇ ਖਤਰਨਾਕ ਬੰਬ ਤੇ ਹੋਰ ਹਥਿਆਰ ਨਕਾਰਾ ਕਰਨ, ਥਾਂ ਨੂੰ ਪੱਧਰ ਕਰਨ ਤੇ ਤਬਾਹ ਹੋ ਚੁੱਕੀਆਂ ਇਮਾਰਤਾਂ ਹਟਾਉਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ।’
ਹਮਾਇਤੀਆਂ ਤੇ ਵਿਰੋਧੀਆਂ ਵੱਲੋਂ ਟਰੰਪ ਦਾ ਸੁਝਾਅ ਖਾਰਜ
ਦੁਬਈ:ਟਰੰਪ ਦੇ ਗਾਜ਼ਾ ਪੱਟੀ ਬਾਰੇ ਬਿਆਨ ਨੂੰ ਅਮਰੀਕੀ ਹਮਾਇਤੀਆਂ ਤੋਂ ਇਲਾਵਾ ਵਿਰੋਧੀਆਂ ਨੇ ਵੀ ਖਾਰਜ ਕਰ ਦਿੱਤਾ ਹੈ। ਮਿਸਰ, ਜੌਰਡਨ ਤੇ ਪੱਛਮੀ ਏਸ਼ੀਆ ਦੇ ਹੋਰ ਅਮਰੀਕੀ ਸਹਿਯੋਗੀਆਂ ਨੇ ਪਹਿਲਾਂ ਹੀ ਗਾਜ਼ਾ ਤੋਂ ਫਲਸਤੀਨੀਆਂ ਨੂੰ ਕਿਸੇ ਹੋਰ ਇਲਾਕੇ ’ਚ ਤਬਦੀਲ ਕਰਨ ਦਾ ਵਿਚਾਰ ਖਾਰਜ ਕਰ ਦਿੱਤਾ ਹੈ। ਅਮਰੀਕਾ ਦੇ ਸਹਿਯੋਗੀ ਸਾਊਦੀ ਅਰਬ ਨੇ ਟਰੰਪ ਦੇ ਵਿਚਾਰ ਦੀ ਨਿੰਦਾ ਕਰਦਿਆਂ ਕਿਹਾ ਉਹ ਇੱਕ ਆਜ਼ਾਦ ਫਲਸਤੀਨੀ ਮੁਲਕ ਦਾ ਲੰਮੇ ਸਮੇਂ ਤੋਂ ਸੱਦਾ ਦਿੰਦਾ ਆ ਰਿਹਾ ਹੈ। ਇਸੇ ਤਰ੍ਹਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਅਤੇ ਮਿਸ਼ੀਗਨ ਤੋਂ ਅਮਰੀਕੀ ਸੰਸਦ ਮੈਂਬਰ ਰਸ਼ੀਦਾ ਤਲੀਬ ਨੇ ਵੀ ਟਰੰਪ ਦੇ ਐਲਾਨ ਦੀ ਆਲੋਚਨਾ ਕੀਤੀ ਹੈ।