ਅਮਰੀਕਾ: ਕਲੱਬ ਦੇ ਬਾਹਰ ਗੋਲੀਬਾਰੀ, 10 ਜ਼ਖ਼ਮੀ

ਨਿਊਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਨਵੇਂ ਸਾਲ ਦੇ ਪਹਿਲੇ ਦਿਨ ਨਿਊਯਾਰਕ ਦੇ ਕੁਈਨਜ਼ ’ਚ ਨਾਈਟ ਕਲੱਬ ਦੇ ਬਾਹਰ ਇਕੱਠੀ ਭੀੜ ’ਤੇ ਕੁਝ ਵਿਅਕਤੀਆਂ ਵੱਲੋਂ ਅੰਨ੍ਹੇਵਾਹ 30 ਗੋਲੀਆਂ ਚਲਾਈਆਂ ਗਈਆਂ, ਜਿਸ ’ਚ 10 ਨੌਜਵਾਨ ਜ਼ਖ਼ਮੀ ਹੋ ਗਏ। ਇਸੇ ਦਿਨ ਨਿਊ ਓਰਲੀਅਨਜ਼ ’ਚ ਦਹਿਸ਼ਤੀ ਹਮਲਾ ਹੋਇਆ ਸੀ, ਜਿਸ ’ਚ 15 ਵਿਅਕਤੀ ਮਾਰੇ ਗਏ ਸਨ। ਪੁਲੀਸ ਅਧਿਕਾਰੀਆਂ ਨੂੰ ਬੁੱਧਵਾਰ ਰਾਤ 11.18 ਵਜੇ ’ਤੇ ਕਈ ਫੋਨ ਆਏ ਕਿ ਕੁਈਨਜ਼ ਦੇ ਜਮੈਕਾ ਸਥਿਤ ਅਮਾਜ਼ੂਰਾ ਨਾਈਟ ਕਲੱਬ ਦੇ ਬਾਹਰ ਕਈ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਪੁਲੀਸ ਨੇ ਕਿਹਾ ਕਿ ਤਿੰਨ ਤੋਂ ਚਾਰ ਵਿਅਕਤੀ ਕਲੱਬ ਦੇ ਬਾਹਰ ਪੁੱਜੇ ਅਤੇ ਉਥੇ ਲਾਈਨ ’ਚ ਖੜ੍ਹੇ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਨਿਊਯਾਰਕ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਹਮਲੇ ’ਚ ਛੇ ਲੜਕੀਆਂ ਸਮੇਤ 10 ਨੌਜਵਾਨ ਜ਼ਖ਼ਮੀ ਹੋਏ ਹਨ। ਜ਼ਖ਼ਮੀ ਹੋਏ ਵਿਅਕਤੀਆਂ ਦੀ ਉਮਰ 16 ਤੋਂ 20 ਸਾਲ ਦੇ ਵਿਚਕਾਰ ਦੱਸੀ ਗਈ ਹੈ।