ਭਾਰਤ ’ਤੇ 26 ਫ਼ੀਸਦ ਵਾਧੂ ਟੈਕਸ ਲਾਉਣ ਦਾ ਫੈਸਲਾ 9 ਜੁਲਾਈ ਤੱਕ ਮੁਲਤਵੀ: ਅਮਰੀਕਾ

ਹਾਂਗਕਾਂਗ, ਮਕਾਊ ਤੇ ਚੀਨ ’ਤੇ ਲਾਗੂ ਨਹੀਂ ਹੋਵੇਗੀ ਮੁਅੱਤਲੀ
ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਵੱਲੋਂ ਭਾਰਤ ’ਤੇ ਲਗਾਏ ਗਏ ਵਾਧੂ ਟੈਕਸਾਂ ਸਬੰਧੀ ਫੈਸਲੇ ਨੂੰ 90 ਦਿਨਾਂ ਲਈ 9 ਜੁਲਾਈ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਇਕ ਹੁਕਮ ਜਾਰੀ ਕਰ ਕੇ ਦਿੱਤੀ। ਹਾਲਾਂਕਿ, ਟੈਕਸਾਂ ਦੀ ਇਹ ਮੁਅੱਤਲੀ ਹਾਂਗਕਾਂਗ, ਮਕਾਊ ਤੋਂ ਇਲਾਵਾ ਚੀਨ ’ਤੇ ਲਾਗੂ ਨਹੀਂ ਹੈ।
2 ਅਪਰੈਲ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੀਬ 60 ਦੇਸ਼ਾਂ ਤੋਂ ਦਰਾਮਦ ਹੁੰਦੇ ਉਤਪਾਦਾਂ ’ਤੇ ਟੈਕਸ ਲਗਾਉਣ ਅਤੇ ਭਾਰਤ ਵਰਗੇ ਦੇਸ਼ਾਂ ’ਤੇ ਵੱਖਰੇ ਤੌਰ ’ਤੇ ਵਧੇਰੇ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਟਰੰਪ ਦੇ ਇਸ ਕਦਮ ਨਾਲ ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰੇ ਵਿੱਚ ਝੀਂਗਾ ਤੋਂ ਲੈ ਕੇ ਸਟੀਲ ਉਤਪਾਦਾਂ ਤੱਕ ਦੀ ਵਿਕਰੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਸੀ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਦਾ ਉਦੇਸ਼ ਅਮਰੀਕਾ ਦੇ ਵੱਡੇ ਵਪਾਰ ਘਾਟੇ ਨੂੰ ਘੱਟ ਕਰਨਾ ਅਤੇ ਘਰੇਲੂ ਉਤਪਾਦਨ ਨੂੰ ਬੜ੍ਹਾਵਾ ਦੇਣਾ ਸੀ। ਅਮਰੀਕਾ ਨੇ ਭਾਰਤ ’ਤੇ 26 ਫੀਸਦ ਦਾ ਵਾਧੂ ਦਰਾਮਦ ਟੈਕਸ ਲਗਾਇਆ ਹੈ ਜੋ ਕਿ ਥਾਈਲੈਂਡ, ਵੀਅਤਨਾਮ ਅਤੇ ਚੀਨ ਵਰਗੇ ਪ੍ਰਤੀਯੋਗੀ ਦੇਸ਼ਾਂ ਦੇ ਮੁਕਾਬਲੇ ਘੱਟ ਹੈ। ਟੈਕਸਾਂ ’ਚ ਵਾਧੇ ਦਾ ਇਹ ਹੁਕਮ 9 ਅਪਰੈਲ ਤੋਂ ਪ੍ਰਭਾਵੀ ਹੋ ਗਿਆ ਸੀ ਪਰ ਟਰੰਪ ਨੇ ਹੁਣ ਇਸ ਨੂੰ 90 ਦਿਨਾਂ ਲਈ 9 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਬੰਧਤ ਦੇਸ਼ਾਂ ’ਤੇ ਲਗਾਇਆ ਗਿਆ 10 ਫੀਸਦ ਮੁੱਢਲਾ ਟੈਕਸ ਲਾਗੂ ਰਹੇਗਾ।