ਭਾਰਤ ਤੇ ਯੂਰੋਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਲਈ ਰਾਜ਼ੀ

ਭਾਰਤ ਤੇ ਯੂਰੋਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਲਈ ਰਾਜ਼ੀ

ਦੋਵੇਂ ਧਿਰਾਂ ਵੱਲੋਂ ਮੌਜੂਦਾ ਵਰ੍ਹੇ ਦੇ ਅਖ਼ੀਰ ਤੱਕ ਸਮਝੌਤਾ ਸਿਰੇ ਚਾੜ੍ਹਨ ਦਾ ਅਹਿਦ

ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਅੱਜ ਇੱਥੇ ਇਸ ਸਾਲ ਦੇ ਅਖ਼ੀਰ ਤੱਕ ਮੁਕਤ ਵਪਾਰ ਸਮਝੌਤੇ ਨੂੰ ਨੇਪਰੇ ਚਾੜ੍ਹਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਦੋਵੇਂ ਆਗੂਆਂ ਨੇ ਰੱਖਿਆ, ਸੁਰੱਖਿਆ ਅਤੇ ਮਹੱਤਵਪੂਰਨ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ-ਯੂਰੋਪੀ ਯੂਨੀਅਨ ਦੀ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਕਰਨ ਦਾ ਸੰਕਲਪ ਵੀ ਲਿਆ। ਵੋਨ ਡੇਰ ਲੇਯੇਨ ਨਾਲ ਗੱਲਬਾਤ ਤੋਂ ਬਾਅਦ ਆਪਣੇ ਮੀਡੀਆ ਬਿਆਨ ਵਿੱਚ ਮੋਦੀ ਨੇ ਭਾਰਤ-ਯੂਰੋਪੀ ਯੂਨੀਅਨ ਦੀ ਰਣਨੀਤਕ ਸਾਂਝੇਦਾਰੀ ਨੂੰ ‘ਕੁਦਰਤੀ’ ਦੱਸਿਆ ਅਤੇ ਕਿਹਾ ਕਿ ਇਹ ‘ਵਿਸ਼ਵਾਸ’ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਸਾਂਝੇ ਵਿਸ਼ਵਾਸ ’ਤੇ ਆਧਾਰਿਤ ਹੈ। ਅਸੀਂ ਆਪਣੀਆਂ ਟੀਮਾਂ ਨੂੰ ਇਸ ਸਾਲ ਦੇ ਅਖ਼ੀਰ ਤੱਕ ਦੋਹਾਂ ਦੇਸ਼ਾਂ ਲਈ ਫਾਇਦੇਮੰਦ ਦੁਵੱਲਾ ਮੁਕਤ ਵਪਾਰ ਸਮਝੌਤਾ ਨੇਪਰੇ ਚਾੜ੍ਹਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਬੇਹੱਦ ਮਹੱਤਵਪੂਰਨ ਫੈਸਲਾ ਹੈ ਜੋ ਕਿ ਵਪਾਰ ਤੇ ਟੈਕਸਾਂ ਬਾਰੇ ਟਰੰਪ ਪ੍ਰਸ਼ਾਸਨ ਦੀ ਨੀਤੀ ਸਬੰਧੀ ਵਧਦੀਆਂ ਆਲਮੀ ਚਿੰਤਾਵਾਂ ਦਰਮਿਆਨ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਧਿਰਾਂ ਨਿਵੇਸ਼ ਸੁਰੱਖਿਆ ਸਮਝੌਤੇ ਦੇ ਨਾਲ-ਨਾਲ ਭੂਗੋਲਿਕ ਸੰਕੇਤਾਂ ’ਤੇ ਇਕ ਸਮਝੌਤੇ ਲਈ ਗੱਲਬਾਤ ਅੱਗੇ ਵਧਾ ਰਹੀਆਂ ਹਨ। ਕਨੈਕਟੀਵਿਟੀ ਬਾਰੇ ਮੋਦੀ ਨੇ ਕਿਹਾ ਕਿ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘੇ ਨੂੰ ਅੱਗੇ ਵਧਾਉਣ ਲਈ ਠੋਸ ਕਦਮ ਉਠਾਏ ਜਾਣਗੇ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਆਈਐੱਮਈਸੀ ਲਾਂਘਾ ਆਲਮੀ ਵਣਜ, ਸਥਿਰ ਵਿਕਾਸ ਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਦਾ ਇੰਜਣ ਸਾਬਿਤ ਹੋਵੇਗਾ।’’ ਉਨ੍ਹਾਂ ਲੇਯੇਨ ਤੇ ਕਾਲਜ ਆਫ਼ ਕਮਿਸ਼ਨਰਜ਼ ਦੇ ਹੋਰ ਮੈਂਬਰਾਂ ਦੇ ਭਾਰਤ ਦੌਰੇ ਨੂੰ ‘ਲਾਮਿਸਾਲ’ ਕਰਾਰ ਦਿੱਤਾ। ਮੋਦੀ ਨੇ ਕਿਹਾ ਕਿ ਭਾਰਤ ਤੇ ਯੂਰੋਪੀ ਯੂਨੀਅਨ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸ਼ਾਂਤੀ, ਸੁਰੱਖਿਆ, ਸਥਿਰਤਾ ਤੇ ਖੁਸ਼ਹਾਲੀ ਦੀ ਅਹਿਮੀਅਤ ’ਤੇ ਸਹਿਮਤ ਹਨ। 

ਭਾਰਤ ਤੇ ਇਜ਼ਰਾਈਲ ਵੱਲੋਂ ਖੇਤੀ ਖੇਤਰ ’ਚ ਸਹਿਯੋਗ ਵਧਾਉਣ ਦੇ ਢੰਗਾਂ ਬਾਰੇ ਚਰਚਾ
ਨਵੀਂ ਦਿੱਲੀ: ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰਿਊਵੇਨ ਅਜ਼ਾਰ ਨੇ ਅੱਜ ਖੇਤੀਬਾੜੀ ਸਕੱਤਰ ਦੇਵੇਸ਼ ਚਤੁਰਵੇਦੀ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਦੇਸ਼ਾਂ ਵਿਚਾਲੇ ਖੇਤੀ ਤੇ ਸਬੰਧਤ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਮੌਕਿਆਂ ਬਾਰੇ ਚਰਚਾ ਕੀਤੀ। ਮੀਟਿੰਗ ਵਿੱਚ ਇਜ਼ਰਾਈਲ ਦੇ ਖੇਤੀ ਤੇ ਖੁਰਾਕ ਸੁਰੱਖਿਆ ਮੰਤਰੀ ਦੇ ਆਗਾਮੀ ਦੌਰੇ, 20 ਸੂਬਿਆਂ ਵਿੱਚ ਉਤਪਾਦਕਤਾ ’ਤੇ ਸੈਂਟਰ ਆਫ ਐਕਸੀਲੈਂਸ (ਸੀਓਈ) ਦੇ ਪ੍ਰਭਾਵ, ਸਟੀਕ ਸਿੰਜਾਈ, ਕਟਾਈ ਤੋਂ ਬਾਅਦ ਦੇ ਪ੍ਰਬੰਧਨ ਅਤੇ ਬਾਜ਼ਾਰ ਪਹੁੰਚ ਦੇ ਮੁੱਦਿਆਂ ’ਤੇ ਪ੍ਰਭਾਵ ਬਾਰੇ ਧਿਆਨ ਕੇਂਦਰਿਤ ਕੀਤਾ ਗਿਆ। ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਚਤੁਰਵੇਦੀ ਨੇ ਖੇਤੀ ਇਸਤੇਮਾਲ ਲਈ ਸੀਵਰੇਜ ਦੇ ਪਾਣੀ ਨੂੰ ਰੀਸਾਈਕਲ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਨਾਲ-ਨਾਲ ਪ੍ਰਮੁੱਖ ਵਪਾਰ ਅਤੇ ਅਨਾਜ ਭੰਡਾਰਨ ਦੇ ਮੁੱਦਿਆਂ ’ਤੇ ਚਾਨਣਾ ਪਾਇਆ। 

ad