ਪੰਨੂ ਤੇ ਨਿੱਝਰ ਸਬੰਧੀ ਮਾਮਲੇ ਇੱਕ ਹੀ ਸਾਜ਼ਿਸ਼ ਦਾ ਹਿੱਸਾ: ਕੈਮਰੌਨ

ਪੰਨੂ ਤੇ ਨਿੱਝਰ ਸਬੰਧੀ ਮਾਮਲੇ ਇੱਕ ਹੀ ਸਾਜ਼ਿਸ਼ ਦਾ ਹਿੱਸਾ: ਕੈਮਰੌਨ

ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਤੇ ਕੈਨੇਡਾ ਦਰਮਿਆਨ ਵਧਦੇ ਵਿਵਾਦ ਦੇ ਮੱਦੇਨਜ਼ਰ ਕੈਨੇਡਾ ਦੇ ਭਾਰਤ ਵਿਚਲੇ ਸਾਬਕਾ ਰਾਜਦੂਤ ਕੈਮਰੌਨ ਮੈੱਕੇ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਵਿਚ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਕੋਸ਼ਿਸ਼ ਤੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਇਕ ਹੀ ਸਾਜ਼ਿਸ਼ ਦਾ ਹਿੱਸਾ ਸੀ। ਅਗਸਤ ਵਿਚ ਭਾਰਤ ਛੱਡਣ ਵਾਲੇ ਕੈਮਰੌਨ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਅਮਰੀਕਾ ਤੇ ਕੈਨੇਡਾ ਵੱਖੋ-ਵੱਖਰੀ ਜਾਂਚ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਸੋਚਦਾ ਹੈ ਕਿ ਉਸ ਦੇ ਏਜੰਟ ਵਿਦੇਸ਼ੀ ਧਰਤੀ ’ਤੇ ਹਿੰਸਾ ਕਰ ਕੇ ਵਾਪਸ ਬਚ ਕੇ ਆ ਸਕਦੇ ਹਨ ਜੋ ਗਲਤ ਹੈ। ਸੀਬੀਸੀ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕੈਮਰੌਨ ਮੈੱਕੇ ਨੇ ਕਿਹਾ ਕਿ ਇਹ ਭਾਰਤ ਦੀ ਸਭ ਤੋਂ ਵੱਡੀ ਰਣਨੀਤਕ ਗਲਤੀ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਕੈਨੇਡਾ ਦੀ ਧਰਤੀ ’ਤੇ ਸਿੱਖ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਸਬੰਧੀ  ਓਟਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਵੀਂ ਦਿੱਲੀ ਨੇ ਖਾਰਜ ਕਰ ਦਿੱਤਾ ਸੀ। ਇਸ ਮਾਮਲੇ ਸਬੰਧੀ ਹਾਲ ਹੀ ਵਿੱਚ ਮੁੜ ਤਣਾਅ ਵਧਣ ਮਗਰੋਂ ਭਾਰਤ ਨੇ ਛੇ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਸੀ ਤੇ ਇਹ ਕੈਨੇਡੀਅਨ ਡਿਪਲੋਮੈਟ ਬੀਤੇ ਦਿਨੀਂ ਨਵੀਂ ਦਿੱਲੀ ਛੱਡ ਗਏ ਹਨ। ਭਾਰਤ ਨੇ ਆਪਣੇ ਹਾਈ ਕਮਿਸ਼ਨਰ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਵੀ ਕੈਨੇਡਾ ਤੋਂ ਵਾਪਸ ਸੱਦ ਲਿਆ ਹੈ। ਕੈਮਰੌਨ ਮੈੱਕੇ ਨੇ ਕਿਹਾ ਕਿ ਕੈਨੇਡਾ ਸਰਕਾਰ ਲਈ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਪਰ ਭਾਰਤ ਨੇ ਇਸ ਮਾਮਲੇ ਵਿਚ ਕੈਨੇਡਾ ਨਾਲ ਸਹਿਯੋਗ ਨਹੀਂ ਕੀਤਾ। 
 

ad