ਨੇਪਾਲ ਵਿੱਚ ਵੱਡੇ ਸਿਆਸੀ ਫੇਰਬਦਲ ਦੀ ਤਿਆਰੀ

ਨੇਪਾਲ ਵਿੱਚ ਵੱਡੇ ਸਿਆਸੀ ਫੇਰਬਦਲ ਦੀ ਤਿਆਰੀ

ਪ੍ਰਚੰਡ ਨੂੰ ਸੱਤਾ ਤੋਂ ਬਾਹਰ ਕਰਨ ਲਈ ਨੇਪਾਲੀ ਕਾਂਗਰਸ ਤੇ ਸੀਪੀਐੱਨ-ਯੂਐੱਮਐੱਲ ਵਿਚਾਲੇ ਸਮਝੌਤਾ

ਕਾਠਮੰਡੂ,(ਇੰਡੋਂ ਕਨੇਡੀਅਨ ਟਾਇਮਜ਼)- ਨੇਪਾਲ ’ਚ ਨਵੇਂ ਘਟਨਾਕ੍ਰਮ ਤਹਿਤ ਦੋ ਵੱਡੀਆਂ ਪਾਰਟੀਆਂ ਨੇਪਾਲੀ ਕਾਂਗਰਸ ਤੇ ਸੀਪੀਐੱਨ-ਯੂਐੱਮਐੱਲ ਨੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਇੱਕ ਨਵੀਂ ਕੌਮੀ ਸਰਕਾਰ ਬਣਾਉਣ ਵਾਸਤੇ ਲੰਘੀ ਅੱਧੀ ਰਾਤ ਨੂੰ ਇੱਕ ਸਮਝੌਤਾ ਕੀਤਾ। ਸਾਬਕਾ ਵਿਦੇਸ਼ ਮੰਤਰੀ ਨਾਰਾਇਣ ਪ੍ਰਕਾਸ਼ ਸੌਦ ਅਨੁਸਾਰ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਅਤੇ ਨੇਪਾਲ ਕਮਿਊਨਿਸਟ ਪਾਰਟੀ-ਯੂਨੀਫਾਈਡ ਮਾਰਕਸਿਸਟ ਲੈਨਿਨਿਸਟ (ਸੀਪੀਐੱਨ-ਯੂਐੱਮਐੱਲ) ਦੇ ਪ੍ਰਧਾਨ ਕੇਪੀ ਸ਼ਰਮਾ ਓਲੀ ਨੇ ਨਵੀਂ ਗੱਠਜੋੜ ਸਰਕਾਰ ਬਣਾਉਣ ਲਈ ਲੰਘੀ ਅੱਧੀ ਰਾਤ ਨੂੰ ਸਮਝੌਤੇ ’ਤੇ ਦਸਤਖ਼ਤ ਕੀਤੇ।

ਸੌਦ ਨੇ ਦੱਸਿਆ ਕਿ ਦਿਓਬਾ (78) ਅਤੇ ਓਲੀ (72) ਸੰਸਦ ਦੇ ਬਾਕੀ ਰਹਿੰਦੇ ਕਾਰਜਕਾਲ ਲਈ ਵਾਰੀ-ਵਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਝਾ ਕਰਨ ਲਈ ਸਹਿਮਤ ਹੋਏ ਹਨ। ਸੌਦ ਨੇਪਾਲੀ ਕਾਂਗਰਸ ਦੇ ਕੇਂਦਰੀ ਮੈਂਬਰ ਵੀ ਹਨ। ਨੇਪਾਲ ਦੇ ਪ੍ਰਤੀਨਿਧ ਸਦਨ ’ਚ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਕੋਲ 89 ਜਦਕਿ ਸੀਪੀਐੱਨ-ਯੂਐੱਮਐੱਲ ਕੋਲ 78 ਸੀਟਾਂ ਹਨ।

ਦੋਵੇਂ ਪਾਰਟੀਆਂ ਦੀਆਂ ਸੀਟਾਂ ਦੀ ਸਾਂਝੀ ਗਿਣਤੀ 167 ਹੈ ਜੋ 275 ਮੈਂਬਰੀ ਸਦਨ ’ਚ ਬਹੁਮਤ ਲਈ ਲੋੜੀਂਦੀਆਂ 138 ਸੀਟਾਂ ਦੇ ਅੰਕੜੇ ਲਈ ਪੂਰੀਆਂ ਹਨ। ਦਿਓਬਾ ਤੇ ਓਲੀ ਨੇ ਦੋਵਾਂ ਧਿਰਾਂ ਵਿਚਾਲੇ ਸੰਭਾਵੀ ਨਵੇਂ ਸਿਆਸੀ ਗੱਠਜੋੜ ਦੀ ਜ਼ਮੀਨ ਤਿਆਰ ਕਰਨ ਲਈ ਲੰਘੇ ਸ਼ਨਿਚਰਵਾਰ ਨੂੰ ਵੀ ਮੁਲਾਕਾਤ ਕੀਤੀ ਸੀ ਜਿਸ ਮਗਰੋਂ ਓਲੀ ਦੀ ਸੀਪੀਐੱਨ-ਯੂਐੱਮਐੱਲ ਨੇ ਪ੍ਰਚੰਡ ਦੀ ਅਗਵਾਈ ਹੇਠਲੀ ਸਰਕਾਰ ਨਾਲ ਰਿਸ਼ਤਾ ਖਤਮ ਕਰ ਲਿਆ।

ਉਸ ਨੇ ਸਿਰਫ਼ ਚਾਰ ਮਹੀਨੇ ਪਹਿਲਾਂ ਹੀ ਇਸ ਸਰਕਾਰ ਨੂੰ ਆਪਣੀ ਹਮਾਇਤ ਦਿੱਤੀ ਸੀ। ਸਮਝੌਤੇ ਤਹਿਤ ਓਲੀ ਡੇਢ ਸਾਲ ਤੱਕ ਨਵੀਂ ‘ਕੌਮੀ ਸਰਬ ਸਹਿਮਤੀ ਵਾਲੀ ਸਰਕਾਰ’ ਦੀ ਅਗਵਾਈ ਕਰਨਗੇ। ਬਾਕੀ ਕਾਰਜਕਾਲ ਲਈ ਦਿਓਬਾ ਪ੍ਰਧਾਨ ਮੰਤਰੀ ਰਹਿਣਗੇ। 

sant sagar