ਦਹਿਸ਼ਤਗਰਦਾਂ ਨੂੰ ਫੰਡ ਤੇ ਸਿਖਲਾਈ ਦੇਣ ਦਾ ਸਾਡਾ ਪੁਰਾਣਾ ਇਤਿਹਾਸ ਰਿਹੈ: ਪਾਕਿ ਰੱਖਿਆ ਮੰਤਰੀ

ਖ਼ਵਾਜਾ ਆਸਿਫ਼ ਨੇ ਇਕ ਵਰਚੁਅਲ ਇੰਟਰਵਿਊ ਦੌਰਾਨ ਪੱਛਮ ਲਈ ਇਹ ‘ਮਾੜਾ ਕੰਮ’ ਦਹਾਕਿਆਂ ਤੋਂ ਕਰਨ ਦੀ ਗੱਲ ਕਬੂਲੀ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼।
ਲੰਡਨ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਮੰਨਿਆ ਹੈ ਕਿ ਦਹਿਸ਼ਤਗਰਦ ਜਥੇਬੰਦੀਆਂ ਦੀ ਹਮਾਇਤ, ਉਨ੍ਹਾਂ ਨੂੰ ਸਿਖਲਾਈ ਤੇ ਫੰਡ ਮੁਹੱਈਆ ਕਰਵਾਉਣ ਦਾ ਉਨ੍ਹਾਂ ਦੇ ਮੁਲਕ ਦਾ ਪੁਰਾਣਾ ਇਤਿਹਾਸ ਰਿਹਾ ਹੈ ਤੇ ਉਹ ਇਹ ‘ਮਾੜਾ ਕੰਮ’ ਪੱਛਮ ਲਈ ਦਹਾਕਿਆਂ ਤੋਂ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਇਸ ਗ਼ਲਤੀ ਦਾ ਖਮਿਆਜ਼ਾ ਵੀ ਭੁਗਤਿਆ ਹੈ। ਸਕਾਈ ਨਿਊਜ਼ ਨੂੰ ਦਿੱਤੀ ਵਰਚੁਅਲ ਇੰਟਰਵਿਊ ਵਿੱਚ ਖ਼ਬਰ ਪੇਸ਼ਕਾਰ ਯਲਦਾ ਹਾਕਿਮ ਨੇ ਆਸਿਫ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਅਤਿਵਾਦ ਨੂੰ ਲੈ ਕੇ ਪਾਕਿਸਤਾਨ ਦੇ ਜਵਾਬ ਤੇ ਰੁਖ਼ ਬਾਰੇ ਸਵਾਲ ਕੀਤਾ ਸੀ।
ਹਾਕਿਮ ਨੇ ਸਵਾਲ ਕੀਤਾ ਸੀ, ‘‘ਸਰ ਕੀ ਤੁਸੀਂ ਮੰਨਦੇ ਹੋ ਕਿ ਪਾਕਿਸਤਾਨ ਦਾ ਇਨ੍ਹਾਂ ਦਹਿਸ਼ਤੀ ਸੰਗਠਨਾਂ ਨੂੰ ਸਮਰਥਨ, ਸਿਖਲਾਈ ਅਤੇ ਫੰਡਿੰਗ ਦੇਣ ਦਾ ਲੰਮਾ ਇਤਿਹਾਸ ਰਿਹਾ ਹੈ।’’ ਆਸਿਫ਼ ਨੇ ਜਵਾਬ ਦਿੱਤਾ, ‘‘ਖੈਰ, ਅਸੀਂ ਕਰੀਬ ਪਿਛਲੇ ਤਿੰਨ ਦਹਾਕਿਆਂ ਤੋਂ ਅਮਰੀਕਾ ਲਈ ਇਹ ਮਾੜਾ ਕੰਮ ਕਰ ਰਹੇ ਹਾਂ, ਤੁਸੀਂ ਜਾਣਦੇ ਹੋ ਅਤੇ ਪੱਛਮ, ਜਿਸ ਵਿੱਚ ਬ੍ਰਿਟੇਨ ਵੀ ਸ਼ਾਮਲ ਹੈ।’’
ਰੱਖਿਆ ਮੰਤਰੀ ਨੇ ਕਿਹਾ, ‘‘ਇਹ ਇੱਕ ਗਲਤੀ ਸੀ, ਅਤੇ ਅਸੀਂ ਇਸ ਦਾ ਸਾਹਮਣਾ ਕੀਤਾ, ਅਤੇ ਇਸੇ ਲਈ ਤੁਸੀਂ ਮੈਨੂੰ ਇਹ ਕਹਿ ਰਹੇ ਹੋ। ਜੇਕਰ ਅਸੀਂ ਸੋਵੀਅਤ ਯੂਨੀਅਨ ਵਿਰੁੱਧ ਜੰਗ ਅਤੇ ਬਾਅਦ ਵਿੱਚ 9/11 ਤੋਂ ਬਾਅਦ ਜੰਗ ਵਿੱਚ ਸ਼ਾਮਲ ਨਾ ਹੁੰਦੇ, ਤਾਂ ਪਾਕਿਸਤਾਨ ਦਾ ਟਰੈਕ ਰਿਕਾਰਡ… ਇੱਕ ਬੇਦਾਗ਼ ਟਰੈਕ ਰਿਕਾਰਡ ਹੁੰਦਾ।’’
ਆਸਿਫ਼ ਨੇ ਕਿਹਾ, ‘‘ਇਸ ਖੇਤਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਸ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਵੱਡੀਆਂ ਸ਼ਕਤੀਆਂ ਲਈ ਬਹੁਤ ਸੁਖਾਲਾ ਹੈ। ਜਦੋਂ ਅਸੀਂ 80 ਦੇ ਦਹਾਕੇ ਵਿੱਚ ਸੋਵੀਅਤ ਯੂਨੀਅਨ ਵਿਰੁੱਧ ਉਨ੍ਹਾਂ ਦੇ ਪਾਸੇ ਜੰਗ ਲੜ ਰਹੇ ਸੀ, ਤਾਂ ਅੱਜ ਦੇ ਇਹ ਸਾਰੇ ਦਹਿਸ਼ਤੀ ਸੰਗਠਨ ਵਾਸ਼ਿੰਗਟਨ ਵਿੱਚ ਸ਼ਰਾਬਾਂ ਪੀ ਰਹੇ ਸਨ ਅਤੇ ਖਾਣਾ ਖਾ ਰਹੇ ਸਨ।’’ ਉਨ੍ਹਾਂ ਕਿਹਾ, ‘‘ਅਤੇ ਫਿਰ 9/11 ਦੇ ਹਮਲੇ ਹੋਏ। ਫਿਰ, ਉਹੀ ਸਥਿਤੀ ਦੁਹਰਾਈ ਗਈ। ਮੈਨੂੰ ਲੱਗਦਾ ਹੈ ਕਿ ਸਾਡੀਆਂ ਸਰਕਾਰਾਂ ਨੇ ਫਿਰ ਗਲਤੀ ਕੀਤੀ।’’
ਆਸਿਫ਼ ਨੇ ਕਿਹਾ ਕਿ ਉਸ ਸਮੇਂ ਪਾਕਿਸਤਾਨ ਨੂੰ ‘ਪ੍ਰੌਕਸੀ ਵਜੋਂ ਵਰਤਿਆ ਗਿਆ’ ਸੀ। ਕਾਬਿਲੇਗੌਰ ਹੈ ਕਿ ਕਸ਼ਮੀਰ ਦੇ ਪਹਿਲਗਾਮ ਵਿਚ ਮੰਗਲਵਾਰ ਨੂੰ ਹੋਏ ਦਹਿਸ਼ਤੀ ਹਮਲੇ, ਜਿਸ ਵਿਚ 26 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਦੀ ਜ਼ਿੰਮੇਵਾਰੀ ਪਾਕਿਸਤਾਨ ਅਧਾਰਿਤ ਲਸ਼ਕਰ-ਏ-ਤਇਬਾ ਨਾਲ ਸਬੰਧਤ ਦਿ ਰਜ਼ਿਸਟੈਂਸ ਫਰੰਟ ਨੇ ਲਈ ਸੀ।
ਆਸਿਫ਼ ਨੇ ਕਿਹਾ, ‘‘ਲਸ਼ਕਰ-ਏ-ਤਇਬਾ ਹੁਣ ਪਾਕਿਸਤਾਨ ਵਿੱਚ ਮੌਜੂਦ ਨਹੀਂ ਹੈ। ਇਹ ਅਲੋਪ ਹੋ ਗਿਆ ਹੈ। ਇਹ ਅਲੋਪ ਹੋ ਗਿਆ ਹੈ… ਜੇਕਰ ਮੂਲ ਸੰਗਠਨ ਮੌਜੂਦ ਨਹੀਂ ਹੈ, ਤਾਂ ਇੱਥੇ ਇਸ ਦੀ ਸ਼ਾਖਾ ਕਿਵੇਂ ਪੈਦਾ ਹੋ ਸਕਦੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਪਾਕਿਸਤਾਨ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਨਤੀਜੇ ਵਜੋਂ ਤਣਾਅ ਵਧਣ ਦਾ ਡਰ ਹੈ ਤਾਂ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ‘ਹਰ ਤਰ੍ਹਾਂ ਦਾ’ ਜਵਾਬ ਦੇਣ ਲਈ ਤਿਆਰ ਹੈ। ਆਸਿਫ਼ ਨੇ ਵਰਚੁਅਲ ਇੰਟਰਵਿਊ ਦੌਰਾਨ ਕਿਹਾ, ‘‘ਅਸੀਂ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਹਰ ਚੀਜ਼ ਪ੍ਰਤੀ ਆਪਣੀ ਪ੍ਰਤੀਕਿਰਿਆ ਮਾਪਾਂਗੇ। ਇਹ ਇਕ ਨਪਿਆ ਤੁਲਿਆ ਜਵਾਬ ਹੋਵੇਗਾ, ਜੇ ਕੋਈ ਹਮਲਾ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਹੁੰਦੀ ਹੈ, ਤਾਂ ਯਕੀਨੀ ਤੌਰ ’ਤੇ ਜੰਗ ਹੋਵੇਗੀ।’’