ਟਰੰਪ ਦੇ ਫ਼ੈਸਲੇ ਭਾਰਤ ਦੇ ਹਿੱਤ ਵਿਚ: ਜੈਸ਼ੰਕਰ

ਟਰੰਪ ਦੇ ਫ਼ੈਸਲੇ ਭਾਰਤ ਦੇ ਹਿੱਤ ਵਿਚ: ਜੈਸ਼ੰਕਰ

ਭਾਰਤ ਤੇ ਅਮਰੀਕਾ ਵੱਲੋਂ ਦੁਵੱਲੇ ਵਪਾਰ ਸਮਝੌਤੇ ਦੀ ਲੋੜ ’ਤੇ ਸਹਿਮਤ ਹੋਣ ਦਾ ਦਾਅਵਾ

ਲੰਡਨ,(ਇੰਡੋ ਕਨੇਡੀਅਨ ਟਾਇਮਜ਼)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਅਮਰੀਕੀ ਪ੍ਰਸ਼ਾਸਨ ਬਹੁਧਰੁਵੀ ਪ੍ਰਬੰਧ ਵੱਲ ਵੱਧ ਰਿਹਾ ਹੈ ਜੋ ਭਾਰਤ ਦੇ ਹਿੱਤਾਂ ਮੁਤਾਬਕ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਦੀ ਲੋੜ ’ਤੇ ਸਹਿਮਤ ਹੋਏ ਹਨ। ਉਨ੍ਹਾਂ ਕਿਹਾ ਕਿ ਟਰੰਪ ਦੇ ਨਜ਼ਰੀਏ ਮੁਤਾਬਕ ਸਾਡੇ ਕੋਲ ਇਕ ਵੱਡਾ ਸਾਂਝਾ ਮੰਚ ‘ਕੁਆਡ’ ਹੈ ਜਿਥੇ ਹਰ ਮੁਲਕ ਆਪਣਾ ਢੁੱਕਵਾਂ ਯੋਗਦਾਨ ਦਿੰਦਾ ਹੈ। ਲੰਡਨ ਦੇ ‘ਚੈਟਮ ਹਾਊਸ ਥਿੰਕ ਟੈਂਕ’ ਵਿਚ ਬੁੱਧਵਾਰ ਸ਼ਾਮ ਨੂੰ ‘ਵਿਸ਼ਵ ’ਚ ਭਾਰਤ ਦੇ ਉਭਾਰ ਅਤੇ ਉਸ ਦੀ ਭੂਮਿਕਾ’ ਵਿਸ਼ੇ ’ਤੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਰੂਸ-ਯੂਕਰੇਨ ਜੰਗ ’ਚ ਭਾਰਤ ਦੀ ਭੂਮਿਕਾ, ਬ੍ਰਿਕਸ ਅਤੇ ਚੀਨ ਨਾਲ ਸਬੰਧਾਂ ਸਮੇਤ ਵਿਦੇਸ਼ ਨੀਤੀ ਨਾਲ ਜੁੜੇ ਹੋਰ ਮੁੱਦਿਆਂ ਨੂੰ ਵੀ ਛੋਹਿਆ। ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਡਾਲਰ ਨਾਲ ਕੋਈ ਦਿੱਕਤ ਨਹੀਂ ਹੈ ਅਤੇ ਅਮਰੀਕਾ ਨਾਲ ਸਬੰਧ ਬਹੁਤ ਵਧੀਆ ਹਨ। ਉਨ੍ਹਾਂ ਕਿਹਾ ਕਿ ਡਾਲਰ ਦੀ ਵੁੱਕਤ ਘਟਾਉਣ ’ਚ ਸਾਡੀ ਕੋਈ ਦਿਲਚਸਪੀ ਨਹੀਂ ਹੈ।

ਜੈਸ਼ੰਕਰ ਤੋਂ ਨਵੀਂ ਅਮਰੀਕੀ ਸਰਕਾਰ ਵੱਲੋਂ ਸ਼ੁੁਰੂਆਤੀ ਕੁਝ ਹਫ਼ਤਿਆਂ ਵਿਚ ਚੁੱਕੇ ਗਏ ਕਦਮਾਂ, ਖਾਸ ਤੌਰ ’ਤੇ ਟਰੰਪ ਦੀ ਜਵਾਬੀ ਟੈਕਸ ਯੋਜਨਾ ਬਾਰੇ ਸਵਾਲ ਪੁੱਛਿਆ ਗਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਇਕ ਅਜਿਹੇ ਰਾਸ਼ਟਰਪਤੀ ਤੇ ਪ੍ਰਸ਼ਾਸਨ ਨੂੰ ਦੇਖ ਰਹੇ ਹਾਂ ਜੋ ਬਹੁ-ਧਰੁਵੀ ਪ੍ਰਬੰਧ ਵੱਲ ਵਧ ਰਿਹਾ ਹੈ ਅਤੇ ਇਹ ਭਾਰਤ ਦੇ ਹਿੱਤਾਂ ਮੁਤਾਬਕ ਹੈ। ਰਾਸ਼ਟਰਪਤੀ ਟਰੰਪ ਦੇ ਨਜ਼ਰੀਏ ਤੋਂ ਸਾਡੇ ਕੋਲ ਇਕ ਵੱਡਾ ਸਾਂਝਾ ਮੰਚ ‘ਕੁਆਡ’ ਹੈ, ਜੋ ਇਕ ਅਜਿਹੀ ਸਮਝ ਹੈ ਜਿੱਥੇ ਹਰ ਕੋਈ ਆਪਣਾ ਵਾਜਬ ਹਿੱਸਾ ਪਾਉਂਦਾ ਹੈ। ਇਸ ਵਿਚ ਕਿਸੇ ਨੂੰ ਮੁਫ਼ਤ ਲਾਭ ਨਹੀਂ ਮਿਲਦਾ ਹੈ। ਲਿਹਾਜ਼ਾ ਇਹ ਇਕ ਚੰਗਾ ਮਾਡਲ ਹੈ, ਜੋ ਕੰਮ ਕਰਦਾ ਹੈ।’’ ਜਵਾਬੀ ਟੈਕਸ ਦੇ ਮੁੱਦੇ ’ਤੇ ਜੈਸ਼ੰਕਰ ਨੇ ਕਿਹਾ ਕਿ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਦੁਵੱਲੇ ਵਪਾਰ ਸਮਝੌਤੇ ’ਤੇ ਚਰਚਾ ਲਈ ਫਿਲਹਾਲ ਵਾਸ਼ਿੰਗਟਨ ਵਿਚ ਹਨ। ਚੈਟਮ ਹਾਊਸ ਡਾਇਰੈਕਟਰ ਬਰੌਨਵੇਨ ਮੈਡੌਕਸ ਨਾਲ ਚਰਚਾ ਦੌਰਾਨ ਜੈਸ਼ੰਕਰ ਨੇ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ਸਮੇਤ ਹੋਰ ਕਈ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ, ਵਿਦੇਸ਼ ਮੰਤਰੀ ਡੇਵਿਡ ਲੈਮੀ ਅਤੇ ਸਨਅਤ ਮੰਤਰੀ ਜੋਨਾਥਨ ਰੇਨਾਲਡਸ ਨਾਲ ਗੱਲਬਾਤ ਤੋਂ ਇਹ ਸੁਨੇਹਾ ਮਿਲਿਆ ਹੈ ਕਿ ਉਹ ਵੀ ਸਮਝੌਤੇ ਨੂੰ ਅਗਾਂਹ ਵਧਾਉਣ ਦੇ ਇੱਛੁਕ ਹਨ। ਜੈਸ਼ੰਕਰ ਨੇ ਚੀਨ ਬਾਰੇ ਅਕਤੂਬਰ 2024 ਤੋਂ ਬਾਅਦ ਕੁਝ ਹਾਂ-ਪੱਖੀ ਘਟਨਾਵਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਤਿੱਬਤ ਵਿੱਚ ਕੈਲਾਸ਼ ਪਰਬਤ ਲਈ ਤੀਰਥ ਯਾਤਰਾ ਦਾ ਰਾਹ ਖੋਲ੍ਹਣਾ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਚੀਨ ਨਾਲ ਸਾਡਾ ਰਿਸ਼ਤਾ ਬਹੁਤ ਹੀ ਵਿਲੱਖਣ ਹੈ ਕਿਉਂਕਿ ਦੁਨੀਆ ਵਿੱਚ ਸਿਰਫ਼ ਸਾਡੇ ਦੋ ਮੁਲਕਾਂ ਦੀ ਆਬਾਦੀ ਦੋ ਅਰਬ ਤੋਂ ਵੱਧ ਹੈ। ਅਸੀਂ ਇੱਕ ਅਜਿਹਾ ਰਿਸ਼ਤਾ ਚਾਹੁੰਦੇ ਹਾਂ ਜਿਸ ਵਿੱਚ ਦੁਵੱਲੇ ਹਿੱਤਾਂ ਦਾ ਸਤਿਕਾਰ ਹੋਵੇ।’’ 

ਪਾਕਿਸਤਾਨ ਵੱਲੋਂ ਜੈਸ਼ੰਕਰ ਦਾ ਬਿਆਨ ਆਧਾਰਹੀਣ ਕਰਾਰ
ਇਸਲਾਮਾਬਾਦ: ਪਾਕਿਸਤਾਨ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਕਸ਼ਮੀਰ ਬਾਰੇ ਦਿੱਤੇ ਬਿਆਨ ਨੂੰ ਆਧਾਰਹੀਣ ਕਰਾਰ ਦਿੱਤਾ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਸ਼ਫ਼ਕਤ ਅਲੀ ਖ਼ਾਨ ਨੇ ਜੈਸ਼ੰਕਰ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਭਾਰਤ ਨੂੰ ‘ਆਜ਼ਾਦ ਜੰਮੂ ਤੇ ਕਸ਼ਮੀਰ’ ਬਾਰੇ ਆਧਾਰਹੀਣ ਦਾਅਵੇ ਕਰਨ ਦੀ ਬਜਾਏ ਕਸ਼ਮੀਰ ਤੋਂ ਆਪਣਾ ਕਬਜ਼ਾ ਛੱਡਣਾ ਚਾਹੀਦਾ ਹੈ ਜੋ ਪਿਛਲੇ 77 ਸਾਲਾਂ ਤੋਂ ਉਸ ਦੇ ਕਬਜ਼ੇ ਹੇਠ ਹੈ। 

ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਲੰਡਨ ’ਚ ਮੰਤਰੀ ਦੀ ਕਾਰ ਦਾ ਘਿਰਾਓ
ਲੰਡਨ/ਨਵੀਂ ਦਿੱਲੀ: ਲੰਡਨ ਦੇ ਚੈਟਮ ਹਾਊਸ ਦੇ ਬਾਹਰ ਖਾਲਿਸਤਾਨ ਪੱਖੀ ਨਾਅਰੇ ਲਗਾ ਰਹੇ ਕੁਝ ਪ੍ਰਦਰਸ਼ਨਕਾਰੀਆਂ ’ਚੋਂ ਇਕ ਵਿਅਕਤੀ ਨੇ ਬੁੱਧਵਾਰ ਰਾਤ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਸੁਰੱਖਿਆ ’ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਭਾਰਤ ਨੇ ਤਿੱਖੀ ਨਿਖੇਧੀ ਕੀਤੀ ਹੈ। ਜੈਸ਼ੰਕਰ ਜਿਵੇਂ ਹੀ ਚੈਟਮ ਥਿੰਕ ਟੈਂਕ ਵਿਚ ਸਮਾਗਮ ’ਚ ਸ਼ਿਰਕਤ ਕਰਨ ਮਗਰੋਂ ਬਾਹਰ ਨਿਕਲੇ ਤਾਂ ਖਾਲਿਸਤਾਨੀ ਸਮਰਥਕ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਤਿਰੰਗੇ ਦੇ ਨਿਰਾਦਰ ਦੀ ਕੋਸ਼ਿਸ਼ ਕੀਤੀ। ਉਥੇ ਮੌਜੂਦ ਮੈਟਰੋਪਾਲਿਟਨ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਲਾਂਭੇ ਕਰ ਦਿੱਤਾ ਪਰ ਗ੍ਰਿਫ਼ਤਾਰੀ ਨਹੀਂ ਪਾਈ। ‘ਇਨਸਾਈਟ ਯੂਕੇ’ ਸੰਸਥਾ ਨੇ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਂਦਿਆਂ ਕਿਹਾ ਹੈ, ‘‘ਇਹ ਸ਼ਰਮਨਾਕ ਗੱਲ ਹੈ ਕਿ ਇਹ ਹਮਲਾ ਉਦੋਂ ਹੋਇਆ ਜਦੋਂ ਡਾਕਟਰ ਐੱਸ ਜੈਸ਼ੰਕਰ ਯੂਕੇ ਦੇ ਦੌਰੇ ’ਤੇ ਹਨ ਅਤੇ ਉਨ੍ਹਾਂ ਆਪਣੇ ਬਰਤਾਨਵੀ ਹਮਰੁਤਬਾ ਡੇਵਿਡ ਲੈਮੀ ਨਾਲ ਸਫ਼ਲ ਮੀਟਿੰਗ ਕੀਤੀ ਸੀ, ਜਿਥੇ ਦੋਹਾਂ ਨੇ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ।’’ ਉਧਰ ਨਵੀਂ ਦਿੱਲੀ ’ਚ ਵਿਦੇਸ਼ ਮੰਤਰਾਲੇ ਨੇ ਜੈਸ਼ੰਕਰ ਦੀ ਸੁਰੱਖਿਆ ’ਚ ਸੰਨ੍ਹ ਦੀ ਘਟਨਾ ਦੀ ਨਿਖੇਧੀ ਕਰਦਿਆਂ ਯੂਕੇ ਸਰਕਾਰ ਨੂੰ ਕਿਹਾ ਹੈ ਕਿ ਉਹ ਅਜਿਹੇ ਮਾਮਲਿਆਂ ਵਿਚ ਆਪਣੀ ਕੂਟਨੀਤਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਵੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਨਵੀਂ ਦਿੱਲੀ ’ਚ ਕਿਹਾ, ‘‘ਅਸੀਂ ਵਿਦੇਸ਼ ਮੰਤਰੀ ਦੇ ਯੂਕੇ ਦੌਰੇ ਦੌਰਾਨ ਸੁਰੱਖਿਆ ’ਚ ਸੰਨ੍ਹ ਦੀ ਫੁਟੇਜ ਦੇਖੀ ਹੈ। ਅਸੀਂ ਵੱਖਵਾਦੀਆਂ ਤੇ ਕੱਟੜਪੰਥੀਆਂ ਦੇ ਛੋਟੇ ਗਰੁੱਪਾਂ ਦੀਆਂ ਇਨ੍ਹਾਂ ਭੜਕਾਊ ਸਰਗਰਮੀਆਂ ਦੀ ਨਿਖੇਧੀ ਕਰਦੇ ਹਾਂ। ਅਸੀਂ ਅਜਿਹੇ ਅਨਸਰਾਂ ਵੱਲੋਂ ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਦੀ ਨਿਖੇਧੀ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਮੇਜ਼ਬਾਨ ਸਰਕਾਰ ਅਜਿਹੇ ਮਾਮਲਿਆਂ ਵਿਚ ਆਪਣੀ ਕੂਟਨੀਤਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਏਗੀ।’’ ਇਸ ਤੋਂ ਪਹਿਲਾਂ ਚੈਟਮ ਹਾਊਸ ’ਚ ਸਮਾਗਮ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਭਾਰਤ ’ਚ ਮਨੁੱਖੀ ਹੱਕਾਂ ਦੇ ਘਾਣ ਬਾਰੇ ਸਵਾਲ ਪੁੱਛਿਆ ਗਿਆ ਸੀ। ਜੈਸ਼ੰਕਰ ਨੇ ਕਿਹਾ, ‘‘ਇਸ ’ਚੋਂ ਬਹੁਤ ਕੁਝ ਸਿਆਸੀ ਹੈ। ਅਸੀਂ ਸਿਆਸੀ ਕਾਰਨਾਂ ਕਰਕੇ ਮਨੁੱਖੀ ਹੱਕਾਂ ਬਾਰੇ ਬਹੁਤ ਸਾਰੇ ਪ੍ਰਗਟਾਵਿਆਂ ਅਤੇ ਪ੍ਰਚਾਰਾਂ ਦਾ ਸ਼ਿਕਾਰ ਰਹੇ ਹਾਂ। ਅਸੀਂ ਇਹ ਸੁਣਦੇ ਆ ਰਹੇ ਹਾਂ। ਅਸੀਂ ਸੰਪੂਰਨ ਨਹੀਂ ਹਾਂ, ਕੋਈ ਵੀ ਸੰਪੂਰਨ ਨਹੀਂ ਹੈ। ਅਜਿਹੇ ਹਾਲਾਤ ਹੋ ਸਕਦੇ ਹਨ ਜਿਨ੍ਹਾਂ ਦੇ ਨਿਬੇੜੇ ਅਤੇ ਉਪਰਾਲੇ ਕਰਨ ਦੀ ਲੋੜ ਹੈ।’’ ਉਂਜ ਉਨ੍ਹਾਂ ਕਿਹਾ ਕਿ ਜੇ ਦੁਨੀਆ ’ਤੇ ਨਜ਼ਰ ਮਾਰੀਏ ਤਾਂ ਭਾਰਤ ਦਾ ਮਨੁੱਖੀ ਹੱਕਾਂ ਬਾਰੇ ਰਿਕਾਰਡ ਬਹੁਤ ਵਧੀਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਹੱਕਾਂ ਬਾਰੇ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ’ਚ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ ਹੈ। 

‘ਪੀਓਕੇ ਭਾਰਤ ਨੂੰ ਮਿਲਣ ਨਾਲ ਕਸ਼ਮੀਰ ਮਸਲਾ ਹੱਲ ਹੋ ਜਾਵੇਗਾ’
ਲੰਡਨ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਭਾਰਤ ਨੂੰ ਮਿਲਣ ਨਾਲ ਕਸ਼ਮੀਰ ਮਸਲੇ ਦਾ ਹੱਲ ਨਿਕਲ ਆਵੇਗਾ। ਉਨ੍ਹਾਂ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਜਿਸ ਗੱਲ ਦੀ ਅਸੀਂ ਉਡੀਕ ਕਰ ਰਹੇ ਹਾਂ, ਉਹ ਕਸ਼ਮੀਰ ਦੇ ਉਸ ਹਿੱਸੇ ਨੂੰ ਵਾਪਸ ਲੈਣਾ ਹੈ ਜੋ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜਦੋਂ ਇਹ ਹਿੱਸਾ ਭਾਰਤ ’ਚ ਮਿਲ ਜਾਵੇਗਾ ਤਾਂ ਕਸ਼ਮੀਰ ਮਸਲੇ ਦਾ ਨਿਬੇੜਾ ਹੋ ਜਾਵੇਗਾ।’’ ਜੈਸ਼ੰਕਰ ਇਥੇ ਚੈਟਮ ਹਾਊਸ ਥਿੰਕ ਟੈਂਕ ’ਚ ‘ਭਾਰਤ ਦੇ ਉਭਾਰ ਅਤੇ ਦੁਨੀਆ ’ਚ ਉਸ ਦੀ ਭੂਮਿਕਾ’ ਵਿਸ਼ੇ ’ਤੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਕਸ਼ਮੀਰ ’ਚ ਮੁੱਦਿਆਂ ਨੂੰ ਹੱਲ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਨੇ ਕਿਹਾ, ‘‘ਧਾਰਾ 370 ਮਨਸੂਖ ਕਰਨਾ ਪਹਿਲਾ ਕਦਮ ਸੀ। ਕਸ਼ਮੀਰ ’ਚ ਵਿਕਾਸ ਅਤੇ ਆਰਥਿਕ ਸਰਗਰਮੀਆਂ ਤੇ ਸਮਾਜਿਕ ਨਿਆਂ ਬਹਾਲ ਕਰਨਾ ਦੂਜਾ ਕਦਮ ਸੀ ਅਤੇ ਚੋਣਾਂ ਕਰਾਉਣਾ ਤੀਜਾ ਕਦਮ ਸੀ, ਜਿਸ ’ਚ ਵੱਡੀ ਗਿਣਤੀ ਲੋਕਾਂ ਨੇ ਵੋਟਾਂ ਪਾਈਆਂ।’’ 

ad