ਪੈਰਿਸ ਓਲੰਪਿਕ ਸਮਾਗਮ ਤੋਂ ਪਹਿਲਾਂ ਲੰਡਨ-ਪੈਰਿਸ ਹਾਈ-ਸਪੀਡ ਰੇਲ ਨੈੱਟਵਰਕ ਲਾਈਨਾਂ ਪੁੱਟੀਆਂ

ਪੈਰਿਸ, (ਇੰਡੋ ਕਨੇਡੀਅਨ ਟਾਇਮਜ਼)- ਪੈਰਿਸ ਓਲੰਪਿਕ ਉਦਘਾਟਨੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਲੰਡਨ ਤੋ ਪੈਰਿਸ ਤੇ ਹੋਰ ਥਾਵਾਂ ’ਤੇ ਜਾਣ ਵਾਲੀ ਹਾਈ-ਸਪੀਡ ਰੇਲ ਦੀਆਂ ਪਟੜੀਆਂ ਨੂੰ ਤਿੰਨ ਥਾਈਂ ਪੁੱਟ ਦਿੱਤਾ ਗਿਆ ਹੈ। ਇਸ ਕਾਰਨ ਇਸ ਬਹੁਤ ਹੀ ਰੁਝੇਵਿਆਂ ਭਰੇ ਰੂਟ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਇਹ ਕੰਮ ਕਿਸ ਨੇ ਕੀਤਾ ਹੈ। ਟਰਾਂਸਪੋਰਟ ਮੰਤਰੀ ਪੈਟਰਿਸ ਵੇਰਗਰੀਟ ਅਨੁਸਾਰ ਅਜਿਹੀਆਂ ਘਟਨਾਵਾਂ ਕਾਰਨ ਪੈਰਿਸ ਨੂੰ ਬਾਕੀ ਫਰਾਂਸ ਅਤੇ ਗੁਆਂਢੀ ਦੇਸ਼ਾਂ ਨਾਲ ਜੋੜਨ ਵਾਲੀਆਂ ਕਈ ਹਾਈ-ਸਪੀਡ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਇਸ ਮੌਕੇ ਫਰਾਂਸ ਵਿਚ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਰੋਸ ਜਤਾਇਆ ਤੇ ਅੱਗਾਂ ਲਾਈਆਂ। ਸਰਕਾਰੀ ਅਧਿਕਾਰੀਆਂ ਨੇ ਅਜਿਹੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਦੇ ਓਲੰਪਿਕ ਨਾਲ ਸਿੱਧੇ ਸਬੰਧ ਦਾ ਕੋਈ ਤੁਰੰਤ ਸੰਕੇਤ ਨਹੀਂ ਮਿਲੇ ਹਨ।