ਮੈਂ ਆਪਣੇ ਹਿੰਦੂ ਧਰਮ ਤੋਂ ਪ੍ਰੇਰਣਾ ਲੈਂਦਾ ਹਾਂ: ਸੂਨਕ

ਲੰਡਨ,(ਇੰਡੋਂ ਕਨੇਡੀਅਨ ਟਾਇਮਜ਼)- ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ਨਿੱਚਰਵਾਰ ਸ਼ਾਮੀਂ ਇਥੇ ਸ੍ਰੀ ਸਵਾਮੀਨਾਰਾਇਣ ਮੰਦਰ, ਜੋ ਨਿਆਸਡੈੱਨ ਟੈਂਪਲ ਦੇ ਨਾਮ ਨਾਲ ਵੀ ਮਕਬੂਲ ਹੈ, ਵਿਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਸੂਨਕ ਜੋੜਾ ਜਿਉਂ ਹੀ ਕਾਫਲੇ ਦੇ ਰੂਪ ਵਿਚ ਮੰਦਰ ਪੁੱਜਾ ਤਾਂ ਉਨ੍ਹਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਸੂਨਕ ਜੋੜੇ ਨੇ ਮੰਦਰ ਵਿਚ ਪੂਜਾਰੀਆਂ ਦੀ ਦੇਖ ਰੇਖ ਵਿਚ ਪੂਜਾ ਕੀਤੀ। ਇਸ ਵਿਸ਼ਾਲ ਮੰਦਰ ਦਾ ਗੇੜਾ ਲਾਉਣ ਮਗਰੋਂ ਸੂਨਕ ਤੇ ਉਨ੍ਹਾਂ ਦੀ ਪਤਨੀ ਵਲੰਟੀਅਰਾਂ ਤੇ ਭਾਈਚਾਰੇ ਦੇ ਸੀਨੀਅਰ ਮੈਂਬਰਾਂ ਦੇ ਰੂਬਰੂ ਵੀ ਹੋਏ।
ਕ੍ਰਿਕਟ ਦੇ ਵੱਡੇ ਪ੍ਰਸ਼ੰਸਕ ਮੰਨੇ ਜਾਂਦੇ ਸੂਨਕ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਟੀ-20 ਵਿਸ਼ਵ ਕੱਪ ਵਿਚ ਭਾਰਤ ਨੂੰ ਮਿਲੀ ਜਿੱਤ ਦੇ ਹਵਾਲੇ ਨਾਲ ਕੀਤੀ। ਸੂਨਕ ਨੇ ਕਿਹਾ ਕਿ ਉਹ ਆਪਣੇ ਧਰਮ/ਅਕੀਦੇ ਤੋਂ ਪ੍ਰੇਰਨਾ ਲੈਂਦੇ ਹਨ। ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਹਾਡੇ ਸਾਰਿਆਂ ਵਾਂਗ ਮੈਂ ਵੀ ਹਿੰਦੂ ਹਾਂ, ਮੈਨੂੰ ਆਪਣੇ ਧਰਮ ਤੋਂ ਪ੍ਰੇਰਣਾ ਤੇ ਸਕੂਨ ਮਿਲਦਾ ਹੈ।’’ ਸੂਨਕ ਨੇ ਕਿਹਾ, ‘‘ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ‘ਭਗਵਦ ਗੀਤਾ’ ਉੱਤੇ ਹੱਥ ਰੱਖ ਕੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਸਾਡਾ ਧਰਮ ਸਾਨੂੰ ਸਾਡੇ ਫ਼ਰਜ਼ ਨਿਭਾਉਣ ਦੀ ਸਿੱਖਿਆ ਦਿੰਦਾ ਹੈ। ਮੇਰੇ ਮਾਪਿਆਂ ਨੇ ਪਰਵਰਿਸ਼ ਦੌਰਾਨ ਮੈਨੂੰ ਇਹੀ ਗੱਲਾਂ ਸਿਖਾਈਆਂ ਤੇ ਮੈਂ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਜਿਊਂਦਾ ਹਾਂ। ਤੇ ਅੱਗੇ ਇਹੀ ਸਿੱਖਿਆ ਮੈਂ ਆਪਣੀਆਂ ਧੀਆਂ ਨੂੰ ਦੇਣਾ ਚਾਹੁੰਦਾ ਹਾਂ। ਉਹ ਧਰਮ ਹੀ ਹੈ, ਜੋ ਮੈਨੂੰ ਲੋਕਾਂ ਦੀ ਸੇਵਾ ਕਰਨ ਦੀ ਸੇਧ ਦਿੰਦਾ ਹੈ।’’