ਟਰੰਪ ਦੇ ਹੋਟਲ ਬਾਹਰ ਟੈਸਲਾ ਸਾਈਬਰ ਟਰੱਕ ’ਚ ਧਮਾਕਾ, ਇੱਕ ਹਲਾਕ

ਲਾਸ ਵੇਗਾਸ (ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਾਸ ਵੇਗਾਸ ਸਥਿਤ ਹੋਟਲ ਦੇ ਬਾਹਰ ਬੀਤੇ ਦਿਨ ‘ਟੈਸਲਾ ਸਾਈਬਰ ਟਰੱਕ’ ਵਿੱਚ ਧਮਾਕਾ ਹੋਣ ਨਾਲ ਉਸ ’ਚ ਸਵਾਰ ਮਸ਼ਕੂਕ ਦੀ ਮੌਤ ਹੋ ਗਈ ਤੇ ਇਸ ਘਟਨਾ ਦੇ ਅਤਿਵਾਦ ਨਾਲ ਜੁੜੇ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟੈਸਲਾ ਸਾਈਬਰ ਟਰੱਕ ਵਿੱਚ ਮੋਰਟਾਰ ਤੇ ਈਂਧਣ ਦੇ ਕਨਸਤਰ ਰੱਖੇ ਹੋਏ ਸਨ। ਲਾਸ ਵੇਗਾਸ ਮੈਟਰੋਪੋਲੀਟਨ ਪੁਲੀਸ ਤੇ ਕਲਾਰਕ ਕਾਊਂਟੀ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਾਹਨ ਅੰਦਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਸੱਤ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਵਾਹਨ ’ਚੋਂ ਲਾਸ਼ ਕੱਢੀ ਤੇ ਅੰਦਰ ਮੌਜੂਦ ਸਬੂਤ ਇਕੱਠੇ ਕੀਤੇ। ਇਸ ਘਟਨਾ ਦੀ ਜਾਣਕਾਰੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਦੇ ਦਿੱਤੀ ਗਈ ਹੈ।