ਮੈਂ ਨਵਾਜ਼ ਸ਼ਰੀਫ਼ ਨਹੀਂ: ਇਮਰਾਨ ਖਾਨ

ਮੈਂ ਨਵਾਜ਼ ਸ਼ਰੀਫ਼ ਨਹੀਂ: ਇਮਰਾਨ ਖਾਨ

ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਨਵਾਜ਼ ਸ਼ਰੀਫ ਨਹੀਂ ਹਨ ਕਿ ਉਹ ਜੇਲ੍ਹ ਤੋਂ ਬਾਹਰ ਆਉਣ ਲਈ ਫ਼ੌਜ ਨਾਲ ਸਮਝੌਤਾ ਕਰਨਗੇ। ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ ਦੋ ਵਾਰ ਪਾਕਿਸਤਾਨ ਤੋਂ ਜਲਾਵਤਨ ਰਹਿ ਚੁੱਕੇ ਹਨ। ਪਹਿਲੀ ਵਾਰ ਉਨ੍ਹਾਂ 2000 ਦੇ ਸ਼ੁਰੂ ਵਿਚ ਤਤਕਾਲੀ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨਾਲ ਸਮਝੌਤਾ ਕਰਨ ਮਗਰੋਂ ਦੇਸ਼ ਛੱਡਿਆ ਸੀ ਅਤੇ ਬਾਅਦ ਵਿੱਚ 2019 ’ਚ ਤਤਕਾਲੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਮਝੌਤੇ ਕਰਨ ਮਗਰੋਂ ਅਜਿਹਾ ਕੀਤਾ ਸੀ।

ਇਮਰਾਨ ਨੇ ਐਕਸ ’ਤੇ ਕਿਹਾ, ‘ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਵੇਂ ਕੋਈ ਵੀ ਰਣਨੀਤੀ ਅਪਣਾਈ ਜਾਵੇ, ਮੈਂ ਸਮਝੌਤਾ ਨਹੀਂ ਕਰਾਂਗਾ। ਮੈਂ ਨਵਾਜ਼ ਸ਼ਰੀਫ ਨਹੀਂ ਹਾਂ। ਮੈਂ ਪਾਕਿਸਤਾਨ ਵਿਚ ਰਿਹਾ ਹਾਂ ਅਤੇ ਮਰਾਂਗਾ ਵੀ ਇੱਥੇ ਹੀ। ਮੈਂ ਹਮੇਸ਼ਾ ਆਪਣੇ ਦੇਸ਼ ਲਈ ਖੜ੍ਹਾ ਰਹਾਂਗਾ।’ ਇਮਰਾਨ ਦੀ ਇਹ ਟਿੱਪਣੀ ਉਨ੍ਹਾਂ ਦੀ ਪਾਰਟੀ ਅਤੇ ਫੌਜ ਦੀ ਹਮਾਇਤ ਵਾਲੀ ਸ਼ਾਹਬਾਜ਼ ਸ਼ਰੀਫ ਸਰਕਾਰ ਵਿਚਾਲੇ ਚੱਲ ਰਹੀ ਗੱਲਬਾਤ ਵਿਚਾਲੇ ਆਈ ਹੈ, ਜਿਸ ਵਿਚ ਕਿਆਸ ਲਾਏ ਜਾ ਰਹੇ ਹਨ ਕਿ ਗੱਲਬਾਤ ਸਿਰੇ ਚੜ੍ਹਨ ’ਤੇ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਹਨ।

ਜੇਲ੍ਹ ਵਿੱਚ ਬੰਦ ਪਾਰਟੀ ਵਰਕਰਾਂ ਨਾਲ ਅਣਮਨੁੱਖੀ ਵਤੀਰੇ ਦੀ ਨਿਖੇਧੀ
ਜੇਲ੍ਹ ਵਿੱਚ ਬੰਦ ਪਾਰਟੀ ਵਰਕਰਾਂ ਨਾਲ ‘ਅਣਮਨੁੱਖੀ’ ਵਤੀਰੇ ਲਈ ਫੌਜ ਅਤੇ ਸਰਕਾਰ ਦੀ ਨਿਖੇਧੀ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਉਹ ਇਹ ਮੁੱਦਾ ਕੌਮਾਂਤਰੀ ਮੰਚਾਂ ’ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ, ‘ਪਾਕਿਸਤਾਨ ਵਿੱਚ ਸਿਆਸੀ ਕੈਦੀਆਂ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ। ਫੌਜੀ ਹਿਰਾਸਤ ਵਿੱਚ ਸਾਡੇ ਵਰਕਰਾਂ ਨੂੰ ਗੰਭੀਰ ਮਾਨਸਿਕ ਅਤੇ ਸਰੀਰਕ ਤਸੀਹੇ ਦਿੱਤੇ ਗਏ ਹਨ। ਮੇਰੇ ਨਾਲ ਵੀ ਬਹੁਤ ਮਾੜਾ ਵਿਹਾਰ ਕੀਤਾ ਗਿਆ ਹੈ। ਸਾਮੀ ਵਜ਼ੀਰ ਸਮੇਤ ਕਈ ਵਰਕਰਾਂ ਨੂੰ ਤਸੀਹੇ ਦਿੱਤੇ ਗਏ ਹਨ।’

ad