ਕੁਵੈਤ ਅਗਨੀਕਾਂਡ: 45 ਭਾਰਤੀਆਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਹੋਈ

ਕੁਵੈਤ ਅਗਨੀਕਾਂਡ: 45 ਭਾਰਤੀਆਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਹੋਈ

ਦੁਬਈ/ਕੁਵੈਤ ਸਿਟੀ,(ਇੰਡੋ ਕਨੇਡੀਅਨ ਟਾਇਮਜ਼)- ਕੁਵੈਤ ਦੀ ਸੱਤ ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਕਾਰਨ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਇਨ੍ਹਾਂ ’ਚ 45 ਭਾਰਤੀ ਅਤੇ ਤਿੰਨ ਫਿਲਪੀਨਜ਼ ਦੇ ਨਾਗਰਿਕ ਸ਼ਾਮਲ ਹਨ ਜਦਕਿ ਇਕ ਦੀ ਅਜੇ ਪਛਾਣ ਹੋਣੀ ਬਾਕੀ ਹੈ। ਦੱਖਣੀ ਸ਼ਹਿਰ ਮੰਗਾਫ਼ ਦੀ ਇਸ ਇਮਾਰਤ ’ਚ 196 ਵਿਦੇਸ਼ੀ ਕਾਮੇ ਰਹਿੰਦੇ ਸਨ ਅਤੇ ਬੁੱਧਵਾਰ ਨੂੰ ਅੱਗ ਲੱਗਣ ਕਾਰਨ 49 ਦੀ ਮੌਤ ਹੋ ਗਈ ਸੀ ਅਤੇ 50 ਹੋਰ ਜ਼ਖ਼ਮੀ ਹੋ ਗਏ ਸਨ। ਪੁਲੀਸ ਨੇ ਇਸ ਮਾਮਲੇ ’ਚ ਇਕ ਕੁਵੈਤੀ ਨਾਗਰਿਕ ਅਤੇ ਕਈ ਵਿਦੇਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਰੋਜ਼ਾਨਾ ਅਖ਼ਬਾਰ ‘ਅਰਬ ਟਾਈਮਜ਼’ ਨੇ ਉਪ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਸ਼ੇਖ਼ ਫਾਹਦ ਅਲ-ਯੂਸੁਫ ਅਲ-ਸਬਾਹ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਦੇਹ ਦੀ ਸ਼ਨਾਖ਼ਤ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਧਰ ਨਵੀਂ ਦਿੱਲੀ ’ਚ ਅਧਿਕਾਰੀਆਂ ਨੇ ਕਿਹਾ ਕਿ ਕੁਵੈਤ ਵੱਲੋਂ ਦੇਹਾਂ ਦੇ ਡੀਐੱਨਏ ਟੈਸਟ ਕੀਤੇ ਜਾ ਰਹੇ ਹਨ ਅਤੇ ਅਗਨੀਕਾਂਡ ’ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਮੁਲਕ ਵਾਪਸ ਲਿਆਉਣ ਲਈ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਰਾਤ ਕੁਵੈਤ ਲਈ ਰਵਾਨਾ ਹੋਵੇਗਾ। ਉਧਰ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ-ਯਾਹੀਆ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਹਾਦਸੇ ਦੀ ਢੁੱਕਵੀਂ ਜਾਂਚ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਕੀਰਤੀ ਵਰਧਨ ਸਿੰਘ ਨੇ ਜ਼ਖ਼ਮੀ ਹੋਏ ਕੁਝ ਭਾਰਤੀਆਂ ਨਾਲ ਮੁਬਾਰਕ ਅਲ ਕਬੀਰ ਹਸਪਤਾਲ ’ਚ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪੂਰੀ ਹਮਾਇਤ ਦਾ ਭਰੋਸਾ ਦਿੱਤਾ। ਜ਼ਖ਼ਮੀਆਂ ਨੂੰ ਪੰਜ ਸਰਕਾਰੀ ਹਸਪਤਾਲਾਂ ਅਦਨ, ਜਬੇਰ, ਫਰਵਾਨੀਆ, ਮੁਬਾਰਕ ਅਲ ਕਬੀਰ ਅਤੇ ਜਾਹਰਾ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਕੁਵੈਤ ਦੇ ਕਈ ਇਲਾਕਿਆਂ ’ਚ ਗ਼ੈਰਕਾਨੂੰਨੀ ਸੰਪਤੀਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕੁਵੈਤ ਦੇ ਅਮੀਰ ਸ਼ੇਖ਼ ਮੇਸ਼ਲ ਅਲ-ਅਹਿਮਦ ਅਲ-ਜਬੇਰ ਅਲ-ਸਬਾਹ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਵੰਡਣ ਦੇ ਨਿਰਦੇਸ਼ ਜਾਰੀ ਕੀਤੇ ਹਨ। 

ad