ਬਲੋਚਿਸਤਾਨ ’ਚ ਦਹਿਸ਼ਤੀ ਹਮਲੇ ’ਚ ਤਿੰਨ ਜਵਾਨ ਹਲਾਕ

ਬਲੋਚਿਸਤਾਨ ’ਚ ਦਹਿਸ਼ਤੀ ਹਮਲੇ ’ਚ ਤਿੰਨ ਜਵਾਨ ਹਲਾਕ

ਕਰਾਚੀ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਵਿੱਚ ਦੋ ਵੱਖ-ਵੱਖ ਦਹਿਸ਼ਤੀ ਹਮਲਿਆਂ ’ਚ ਘੱਟੋ-ਘੱਟ ਤਿੰਨ ਸੁਰੱਖਿਆ ਜਵਾਨ ਮਾਰੇ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਸੀਨੀਅਰ ਅਧਿਕਾਰੀ ਸਰਦਾਰ ਰਿੰਦ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਡੁਕੀ ਜ਼ਿਲ੍ਹੇ ’ਚ ਕੋਲਾ ਖਾਣ ਨੇੜੇ ਨਾਕੇ ’ਤੇ ਦਹਿਸ਼ਤਗਰਦਾਂ ਦੇ ਹਮਲੇ ’ਚ ਫਰੰਟੀਅਰ ਕੋਰ ਦੇ ਦੋ ਜਵਾਨ ਹਲਾਕ ਤੇ ਤਿੰਨ ਹੋਰ ਜ਼ਖਮੀ ਹੋਏ ਸਨ।

ਪੁਲੀਸ ਮੁਤਾਬਕ ਹਮਲਾਵਰਾਂ ਨੇ ਅੱਧੇ ਘੰਟੇ ਤੱਕ ਕੀਤੇ ਹਮਲੇ ਦੌਰਾਨ ਰਾਕੇਟਾਂ, ਗਰਨੇਡਾਂ ਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ’ਚ ਹਮਲਾਵਰਾਂ ਦਾ ਨੁਕਸਾਨ ਵੀ ਹੋਇਆ ਹੈ ਹਾਲਾਂਕਿ ਉਨ੍ਹਾਂ ਵਿਚੋਂ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਗਿਣਤੀ ਬਾਰੇ ਹਾਲੇ ਸਪੱਸ਼ਟ ਨਹੀਂ ਹੈ। ਪੁਲੀਸ ਨੇ ਕਿਹਾ ਕਿ ਇੱਕ ਹੋਰ ਘਟਨਾ ’ਚ ਦਹਿਸ਼ਤਗਰਦਾਂ ਨੇ ਗਵਾਦਰ ਦੇ ਜਿਵਾਨੀ ਕਸਬੇ ਦੇ ਦਾਰਾਨ ਇਲਾਕੇ ’ਚ ਇੱਕ ਲਾਈਟਹਾਊਸ ਨੇੜੇ ਪਾਕਿਸਤਾਨ ਕੋਸਟ ਗਾਰਡਜ਼ ਦੀ ਗਸ਼ਤ ਕਰ ਰਹੀ ਟੁਕੜੀ ਨੂੰ ਬਾਰੂਦੀ ਸੁਰੰਗ ਨਾਲ ਨਿਸ਼ਾਨਾ ਬਣਾਇਆ। ਇਸ ਹਮਲੇ ’ਚ ਇੱਕ ਸੁਰੱਖਿਆ ਜਵਾਨ ਦੀ ਮੌਤ ਹੋ ਗਈ। 

ਕਲਾਤ ਕਸਬੇ ’ਚ ਸਮਾਰਕ ਨੂੰ ਅੱਗ ਲਾਈ
ਬਲੋਚਿਸਤਾਨ ਸੂਬੇ ਦੇ ਕਾਲਾਤ ਕਸਬੇ ’ਚ ਅਣਪਛਾਤੇ ਵਿਅਕਤੀਆਂ ਵੱਲੋਂ ਮੀਰੀ ਕਿਲ੍ਹੇ ਨੇੜੇ ਇੱਕ ਸਮਾਰਕ ਨੂੰ ਅੱਗ ਲਾਉਣ ਕਾਰਨ ਤਣਾਅ ਪੈਦਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਲੋਚ ਸੱਭਿਆਚਾਰ ਦੇ ਪ੍ਰਤੀਕ ਸਮਾਰਕ ’ਚ ਅੱਗਜ਼ਨੀ ਕਾਰਨ ਦੋ ਬੁੱਤ ਤਬਾਹ ਹੋਏ ਹਨ।

sant sagar