ਰੂਸੀ ਹਮਲਿਆਂ ਵਿੱਚ ਸੱਤ ਯੂਕਰੇਨੀ ਨਾਗਰਿਕਾਂ ਦੀ ਮੌਤ

ਜੰਗਬੰਦੀ ਬਾਰੇ ਗੱਲਬਾਤ ਤੋਂ ਪਹਿਲਾਂ ਡਰੋਨਾਂ ਰਾਹੀਂ ਕੀਤੇ ਹਮਲੇ
ਕੀਵ,(ਇੰਡੋ ਕਨੇਡੀਅਨ ਟਾਇਮਜ਼)- ਸਥਾਨਕ ਯੂਕਰੇਨੀ ਅਧਿਕਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਮੁਤਾਬਕ, ਐਤਵਾਰ ਰਾਤ ਨੂੰ ਰੂਸ ਵੱਲੋਂ ਯੂਕਰੇਨ ਵਿੱਚ ਡਰੋਨਾਂ ਰਾਹੀਂ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ।
ਯੂਕਰੇਨ ਦੀ ਰਾਜਧਾਨੀ ’ਤੇ ਇਹ ਹਮਲੇ ਸਾਊਦੀ ਅਰਬ ਵਿੱਚ ਜੰਗਬੰਦੀ ਬਾਰੇ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਹੋਏ। ਯੂਕਰੇਨ ਤੇ ਰੂਸ ਵਿਚਾਲੇ ਸੋਮਵਾਰ ਨੂੰ ਅਮਰੀਕਾ ਦੀ ਵਿਚੋਲਗੀ ਹੇਠ ਅਸਿੱਧੇ ਤੌਰ ’ਤੇ ਗੱਲਬਾਤ ਹੋਣ ਦੀ ਆਸ ਹੈ, ਜਿਸ ਵਿੱਚ ਊਰਜਾ ਪਲਾਂਟਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਲੰਬੀ ਦੂਰੀ ਦੇ ਹਮਲਿਆਂ ’ਤੇ ਰੋਕ ਲਗਾਉਣ ਬਾਰੇ ਚਰਚਾ ਕੀਤੀ ਜਾਵੇਗੀ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਅਸਿੱਧੇ ਤੌਰ ’ਤੇ ਗੱਲਬਾਤ ਤੋਂ ਇਕ ਦਿਨ ਪਹਿਲਾਂ ਯੂਕਰੇਨੀ ਵਫ਼ਦ ਦੇ ਸਾਊਦੀ ਅਰਬ ਵਿੱਚ ਅਮਰੀਕੀ ਅਧਿਕਾਰੀਆਂ ਨਾਲ ਮਿਲਣ ਦੀ ਆਸ ਹੈ। ਯੂਕਰੇਨ ਅੰਸ਼ਿਕ ਜੰਗਬੰਦੀ ਦੇ ਵੇਰਵਿਆਂ ’ਤੇ ਚਰਚਾ ਕਰਨ ਲਈ ਤਕਨੀਕੀ ਟੀਮ ਭੇਜਣ ਦੀ ਯੋਜਨਾ ਬਣਾ ਰਿਹਾ ਹੈ।
ਸ਼ਹਿਰ ਦੇ ਫੌਜੀ ਪ੍ਰਸ਼ਾਸਨ ਨੇ ਕਿਹਾ ਕਿ ਕੀਵ ’ਤੇ ਕੀਤੇ ਗਏ ਡਰੋਨ ਹਮਲਿਆਂ ਵਿੱਚ ਪੰਜ ਸਾਲ ਦੇ ਬੱਚੇ ਸਣੇ ਤਿੰਨ ਲੋਕ ਮਾਰੇ ਗਏ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੰਜ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਹਵਾਈ ਹਮਲਿਆਂ ਦੌਰਾਨ ਰਾਤ ਦੇ ਸ਼ੁਰੂਆਤੀ ਘੰਟਿਆਂ ਵਿੱਚ ਯੂਕਰੇਨ ਦੀ ਰਾਜਧਾਨੀ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਦੀਆਂ ਰਹੀਆਂ। ਰੂਸੀ ਡਰੋਨ ਅਤੇ ਸ਼ਾਟ-ਡਾਊਨ ਡਰੋਨ ਜੋ ਕਿ ਹਵਾਈ ਸੁਰੱਖਿਆ ਤੋਂ ਬਚਣ ਲਈ ਘੱਟ ਉਚਾਈ ’ਤੇ ਉੱਡ ਰਹੇ ਸਨ, ਦਾ ਮਲਬਾ ਰਿਹਾਇਸ਼ੀ ਇਮਾਰਤਾਂ ’ਤੇ ਡਿੱਗ ਗਿਆ।
ਕੀਵ ਸਿਟੀ ਮਿਲਟਰੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਮੁਤਾਬਕ, ਡਰੋਨਾਂ ਦਾ ਮਲਬਾ ਡਿੱਗਣ ਕਾਰਨ ਦਿਨਪਰੋ ਜ਼ਿਲ੍ਹੇ ਵਿੱਚ ਦੋ ਰਿਹਾਇਸ਼ੀ ਇਮਾਰਤਾਂ ਵਿੱਚ ਅੱਗ ਲੱਗ ਗਈ।