ਪੂਤਿਨ ਦਾ ਅਹਿਦ ਹਕੀਕਤ ਨਾਲੋਂ ਉਲਟ: ਜ਼ੇਲੈਂਸਕੀ

ਟਰੰਪ ਨਾਲ ਕੀਤੇ ਵਾਅਦੇ ਦੇ ਬਾਵਜੂਦ ਰੂਸ ਵੱਲੋਂ ਡਰੋਨ ਹਮਲੇ ਜਾਰੀ ਰੱਖਣ ਦਾ ਦੋਸ਼
ਕੀਵ,(ਇੰਡੋ ਕਨੇਡੀਅਨ ਟਾਇਨਜ਼)- ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਵੱਲੋਂ ਊਰਜਾ ਬੁਨਿਆਦੀ ਢਾਂਚੇ ’ਤੇ ਹਮਲੇ ਨਾ ਕਰਨ ਦਾ ਵਾਅਦਾ ਹਕੀਕਤ ਨਾਲੋਂ ਉਲਟ ਹੈ। ਉਨ੍ਹਾਂ ਕਿਹਾ ਕਿ ਰੂਸੀ ਫੌਜ ਵੱਲੋਂ ਡਰੋਨਾਂ ਰਾਹੀਂ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਕੀਤੇ ਹਮਲਿਆਂ ਨੇ ਪੂਤਿਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਦੌਰਾਨ ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ ਕਰੀਬ ਇੱਕ ਘੰਟੇ ਤੱਕ ਗੱਲਬਾਤ ਕੀਤੀ। ਟਰੰਪ ਮੁਤਾਬਕ ਉਨ੍ਹਾਂ ਜ਼ੇਲੈਂਸਕੀ ਨਾਲ ਰੂਸ ਅਤੇ ਯੂਕਰੇਨ ਵਿਚਕਾਰ ਸੰਭਾਵੀ ਜੰਗਬੰਦੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ।
ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨਾਲ ਹੇਲਸਿੰਕੀ ’ਚ ਨਿਊਜ਼ ਕਾਨਫਰੰਸ ਦੌਰਾਨ ਜ਼ੇਲੈਂਸਕੀ ਨੇ ਕਿਹਾ ਕਿ ਬੀਤੀ ਰਾਤ ਯੂਕਰੇਨ ਦੇ ਊਰਜਾ ਟਿਕਾਣਿਆਂ ਸਮੇਤ ਹੋਰ ਥਾਵਾਂ ’ਤੇ 150 ਡਰੋਨ ਦਾਗ਼ੇ ਗਏ ਸਨ। ਉਂਝ ਕ੍ਰੈਮਲਿਨ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਯੂਕਰੇਨੀ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰ ਦਿੱਤਾ ਹੈ ਅਤੇ ਕੀਵ ’ਤੇ ਦੋਸ਼ ਲਾਇਆ ਕਿ ਉਨ੍ਹਾਂ ਰੂਸੀ ਪਾਈਪਲਾਈਨ ਨੇੜੇ ਇਕ ਪਲਾਂਟ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਯੂਕਰੇਨੀ ਹਕੂਮਤ ਵੱਲੋਂ ਹਮਲੇ ਨਹੀਂ ਰੋਕੇ ਜਾ ਰਹੇ ਹਨ। ਉਧਰ ਸਟੱਬ ਨੇ ਕਿਹਾ ਕਿ ਵਾਰਤਾ ਸਹੀ ਦਿਸ਼ਾ ਵੱਲ ਅਹਿਮ ਕਦਮ ਹੈ। ਉਨ੍ਹਾਂ ਰੂਸ ਨੂੰ ਹਮਲਾਵਰ ਰਵੱਈਆ ਨਾ ਅਪਣਾਉਣ ਲਈ ਕਿਹਾ। ਰੂਸੀ ਡਰੋਨ ਨੇ ਸੂਮੀ ’ਚ ਇਕ ਹਸਪਤਾਲ ਅਤੇ ਦੋਨੇਤਸਕ ਖ਼ਿੱਤੇ ਦੇ ਕਈ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਫੌਜ ਪੂਤਿਨ ਦੇ ਹੁਕਮ ਨਾਲ ਬੱਝੀ ਹੋਈ ਹੈ ਅਤੇ ਉਸ ਨੇ ਮਾਈਕੋਲੇਵ ਖ਼ਿੱਤੇ ਵੱਲ ਦਾਗ਼ੇ ਸੱਤ ਡਰੋਨਾਂ ਨੂੰ ਖੁਦ ਹੀ ਡੇਗ ਲਿਆ। -ਏਪੀ
ਰੂਸ ਨੇ ਡਰੋਨਾਂ ਰਾਹੀਂ ਯੂਕਰੇਨ ’ਤੇ ਹਮਲੇ ਕੀਤੇ
ਕੀਵ: ਰੂਸ ਨੇ ਡਰੋਨ ਹਮਲਿਆਂ ਦੀ ਲੜੀ ਸ਼ੁਰੂ ਕੀਤੀ, ਜਿਸ ਤਹਿਤ ਰਾਤ ਭਰ ਨਾਗਰਿਕ ਖੇਤਰਾਂ ’ਤੇ ਹਮਲੇ ਕੀਤੇ ਗਏ ਅਤੇ ਯੂਕਰੇਨ ’ਚ ਹਸਪਤਾਲ ਨੂੰ ਨੁਕਸਾਨ ਪਹੁੰਚਾਇਆ ਗਿਆ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਅਮਰੀਕੀ ਹਮਰੁਤਬਾ ਨਾਲ ਚਰਚਾ ਦੌਰਾਨ 30 ਦਿਨਾਂ ਦੀ ਪੂਰਨ ਜੰਗਬੰਦੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪੂਤਿਨ ਵੱਲੋਂ ਪਾਵਰ ਗਰਿੱਡ ’ਤੇ ਹਮਲਿਆਂ ਨੂੰ ਤੁਰੰਤ ਰੋਕਣ ਦੇ ਸਮਝੌਤੇ ਦੇ ਬਾਵਜੂਦ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ’ਤੇ ਹਮਲੇ ਜਾਰੀ ਰੱਖੇ ਹਨ। ਜ਼ੇਲੈਂਸਕੀ ਨੇ ਕਿਹਾ, ‘‘ਇਹ ਹਮਲੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਾਨੂੰ ਸ਼ਾਂਤੀ ਵਾਸਤੇ ਰੂਸ ’ਤੇ ਦਬਾਅ ਬਣਾਉਣਾ ਜਾਰੀ ਰੱਖਣਾ ਚਾਹੀਦਾ ਹੈ। ਸਿਰਫ਼ ਨਾਗਰਿਕ ਬੁਨਿਆਦੀ ਢਾਂਚੇ ’ਤੇ ਰੂਸ ਦੇ ਹਮਲਿਆਂ ਨੂੰ ਅਸਲ ਵਿੱਚ ਰੋਕਣਾ ਹੀ ਇਸ ਜੰਗ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਨੇੜੇ ਲਿਆਉਣ ਦੀ ਅਸਲ ਇੱਛਾ ਦਾ ਸੰਕੇਤ ਦੇ ਸਕਦਾ ਹੈ।’’