ਦੱਖਣੀ ਯੂਕਰੇਨ ਦੇ ਇੱਕ ਕਸਬੇ ’ਤੇ ਮਿਜ਼ਾਈਲ ਹਮਲੇ ’ਚ ਸੱਤ ਹਲਾਕ

ਕੀਵ,(ਇੰਡੋਂ ਕਨੇਡੀਅਨ ਟਾਇਮਜ਼)- ਰੂਸ ਨੇ ਦੱਖਣੀ ਯੂਕਰੇਨ ਦੇ ਇੱਕ ਕਸਬੇ ’ਤੇ ਮਿਜ਼ਾਈਲਾਂ ਦਾਗ਼ੀਆਂ ਜਿਸ ਵਿੱਚ ਤਿੰਨ ਬੱਚਿਆਂ ਸਮੇਤ ਸੱਤ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਯੂਕਰੇਨੀ ਅਧਿਕਾਰੀਆਂ ਨੇ ਵਿਲਨਿਆਂਸਕ ਦੇ ਇੱਕ ਪਾਰਕ ਵਿੱਚ ਪਈਆਂ ਲਾਸ਼ਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਦੌਰਾਨ, ਰੂਸੀ ਰੱਖਿਆ ਮੰਤਰਾਲੇ ਨੇ ਅੱਜ ਦਾਅਵਾ ਕੀਤਾ ਕਿ ਫੌਜ ਨੇ ਰੂਸ ਦੇ ਦੱਖਣ-ਪੱਛਮ ਦੇ ਛੇ ਖੇਤਰਾਂ ਵਿੱਚ ਰਾਤ ਸਮੇਂ 36 ਯੂਕਰੇਨੀ ਡਰੋਨਾਂ ਨੂੰ ਫੁੰਡ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਸ਼ਾਮ ਨੂੰ ਹੋਏ ਇਸ ਹਮਲੇ ਵਿੱਚ 36 ਲੋਕ ਜ਼ਖ਼ਮੀ ਹੋਏ ਹਨ। ਐਤਵਾਰ ਨੂੰ ਸੋਗ ਦਿਵਸ ਐਲਾਨਿਆ ਗਿਆ ਹੈ। ਵਿਲਨਿਆਂਸਕ ਜ਼ੈਪੋਰੀਜ਼ੀਆ ਖੇਤਰ ਵਿੱਚ ਹੈ, ਜੋ ਸਥਾਨਕ ਰਾਜਧਾਨੀ ਤੋਂ 30 ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਹੈ। ਸਥਾਨਕ ਗਵਰਨਰ ਇਵਾਨ ਫੈਡੋਰੋਵ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਫੈਡੋਰੋਵ ਨੇ ਟੈਲੀਗ੍ਰਾਮ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਹਮਲੇ ਵਿੱਚ ਵਿਲਨਿਆਂਸਕ ਵਿੱਚ ਇੱਕ ਦੁਕਾਨ, ਰਿਹਾਇਸ਼ੀ ਇਮਾਰਤ ਅਤੇ ਇੱਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ। ਵਿਲਨਿਆਂਸਕ ਵਿੱਚ ਹੋਏ ਹਮਲੇ ਮਗਰੋਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕੀਵ ਦੇ ਪੱਛਮੀ ਭਾਈਵਾਲਾਂ ਨੂੰ ਰੂਸੀ ਹਮਲੇ ਰੋਕਣ ਦਾ ਸੱਦਾ ਦਿੱਤਾ ਹੈ। ਸਥਾਨਕ ਗਵਰਨਰ ਅਨੁਸਾਰ, ਯੂਕਰੇਨ ਦੇ ਹਿੰਸਾ ਪ੍ਰਭਾਵਿਤ ਪੂਰਬੀ ਦੋਨੇਤਸਕ ਖੇਤਰ ਵਿੱਚ ਸ਼ਨਿਚਰਵਾਰ ਰਾਤ ਨੂੰ ਅੱਠ ਨਾਗਰਿਕ ਮਾਰੇ ਗਏ ਅਤੇ 14 ਹੋਰ ਜ਼ਖਮੀ ਹੋ ਗਏ।