ਨੇਪਾਲ ਦਾ ਸਾਬਕਾ ਰਾਜਾ ਸਖ਼ਤ ਸੁਰੱਖਿਆ ਹੇਠ ਕਾਠਮੰਡੂ ਪੁੱਜਿਆ

ਗਿਆਨੇਂਦਰ ਦੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ; ‘ਰਾਜਸ਼ਾਹੀ ਬਹਾਲ ਕਰੋ’ ਦੇ ਲਾਏ ਨਾਅਰੇ
ਕਾਠਮੰਡੂ,(ਇੰਡੋ ਕਨੇਡੀਅਨ ਟਾਇਮਜ਼)- ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਸਖ਼ਤ ਸੁਰੱਖਿਆ ਹੇਠ ਅੱਜ ਕਾਠਮੰਡੂ ਪਹੁੰਚ ਗਏ ਹਨ। ਇੱਥੇ ਉਨ੍ਹਾਂ ਦੇ ਸਵਾਗਤ ਲਈ ਰਾਜਸ਼ਾਹੀ ਸਮਰਥਕ ਹਵਾਈ ਅੱਡੇ ’ਤੇ ਪਹਿਲਾਂ ਹੀ ਇਕੱਤਰ ਹੋ ਗਏ ਸਨ।
ਪੋਖਰਾ ਤੋਂ ਸਿਮਰਿਕ ਏਅਰ ਹੈਲੀਕਾਪਟਰ ’ਤੇ ਸਵਾਰ ਹੋ ਕੇ ਗਿਆਨੇਂਦਰ ਜਿਵੇਂ ਹੀ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੇ ਤਾਂ ਰਾਜਾਸ਼ਾਹੀ ਪੱਖੀ ਰਾਸ਼ਟਰੀ ਪਰਜਾਤੰਤਰ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਸਮੇਤ ਸੈਂਕੜੇ ਸਮਰਥਕਾਂ ਨੇ ਉਨ੍ਹਾਂ ਦੇ ਪੱਖ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਭੀੜ ਵਿੱਚ ਸ਼ਾਮਲ ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ‘ਸਾਨੂੰ ਆਪਣਾ ਰਾਜਾ ਵਾਪਸ ਚਾਹੀਦਾ ਹੈ’’, ‘‘ਸੰਘੀ ਲੋਕਤੰਤਰ ਵਿਵਸਥਾ ਖ਼ਤਮ ਕਰੋ ਤੇ ਰਾਜਸ਼ਾਹੀ ਬਹਾਲ ਕਰੋ’ ਆਦਿ ਨਾਅਰੇ ਲਿਖੇ ਹੋਏ ਸਨ। ਗਿਆਨੇਂਦਰ (77) ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਧਾਰਮਿਕ ਥਾਵਾਂ ਦਾ ਦੌਰਾ ਕਰਨ ਮਗਰੋਂ ਪੋਖਰਾ ਤੋਂ ਕਾਠਮੰਡੂ ਪੁੱਜੇ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਵਾਈ ਅੱਡੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮੀ ਤਾਇਨਾਤ ਸਨ। ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਦੇ ਸੈਂਕੜੇ ਸਮਰਥਕ ਅਤੇ ਰਾਜਸ਼ਾਹੀ ਪੱਖੀ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦੇ ਵਰਕਰ ਨੇਪਾਲ ਦੇ ਕੌਮੀ ਝੰਡੇ ਅਤੇ ਸਾਬਕਾ ਰਾਜਾ ਦੇ ਸਮਰਥਨ ਵਿੱਚ ਤਖ਼ਤੀਆਂ ਲੈ ਕੇ ਕਾਠਮੰਡੂ ਹਵਾਈ ਅੱਡੇ ਨੇੜੇ ਇਕੱਤਰ ਹੋ ਗਏ। ਰਾਜਾ ਦੇ ਸਮਰਥਕ ਪਿਛਲੇ ਕੁਝ ਦਿਨਾਂ ਤੋਂ ਕਾਠਮੰਡੂ ਅਤੇ ਪੋਖਰਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੈਲੀਆਂ ਕੱਢ ਰਹੇ ਹਨ ਅਤੇ ਮੌਜੂਦਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉਹ ਲੋਕ ਅੰਦੋਲਨ ਮਗਰੋਂ 2008 ਵਿੱਚ ਖਤਮ ਹੋਈ ਰਾਜਸ਼ਾਹੀ ਸ਼ਾਸਨ ਦੀ ਬਹਾਲੀ ਦੀ ਮੰਗ ਕਰ ਰਹੇ ਹਨ।