ਨੇਪਾਲ ਨੇ ਮਾਊਂਟ ਐਵਰੈਸਟ ’ਤੇ ਚੜ੍ਹਨ ਦੀ ਫੀਸ ਵਧਾਈ

ਨੇਪਾਲ ਨੇ ਮਾਊਂਟ ਐਵਰੈਸਟ ’ਤੇ ਚੜ੍ਹਨ ਦੀ ਫੀਸ ਵਧਾਈ

ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਕੂੜਾ ਫੈਲਾਉਣ ਤੋਂ ਰੋਕਣ ਲਈ ਕਈ ਹੋਰ ਕਦਮ ਚੁੱਕੇ

ਕਾਠਮੰਡੂ,(ਇੰਡੋ ਕਨੇਡੀਅਨ ਟਾਇਮਜ਼)- ਨੇਪਾਲ ਨੇ ਮਾਊਂਟ ਐਵਰੈਸਟ ’ਤੇ ਚੜ੍ਹਨ ਲਈ ਪਰਮਿਟ ਫੀਸ ਵਿੱਚ 36 ਫੀਸਦ ਦਾ ਭਾਰੀ ਵਾਧਾ ਕੀਤਾ ਹੈ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਕੂੜਾ ਫੈਲਾਉਣ ਤੋਂ ਰੋਕਣ ਲਈ ਕਈ ਹੋਰ ਕਦਮ ਉਠਾਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸੋਧੇ ਹੋਏ ਪਰਬਤਾਰੋਹੀ ਨੇਮਾਂ ਤਹਿਤ ਬਸੰਤ ਰੁੱਤ (ਮਾਰਚ-ਮਈ) ਵਿੱਚ ਆਮ ਦੱਖਣੀ ਮਾਰਗ ਤੋਂ ਐਵਰੈਸਟ ’ਤੇ ਚੜ੍ਹਨ ਵਾਲੇ ਵਿਦੇਸ਼ੀਆਂ ਲਈ ਪਰਮਿਟ ਫੀਸ ਮੌਜੂਦਾ 11,000 ਅਮਰੀਕੀ ਡਾਲਰ ਪ੍ਰਤੀ ਵਿਅਕਤੀ ਤੋਂ ਵਧਾ ਕੇ 15,000 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ।

ਸਰਦ ਰੁੱਤ (ਸਤੰਬਰ-ਨਵੰਬਰ) ਲਈ ਚੜ੍ਹਾਈ ਦੀ ਫੀਸ 5500 ਅਮਰੀਕੀ ਡਾਲਰ ਤੋਂ ਵਧਾ ਕੇ 7500 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ। ਉੱਧਰ, ਸਰਦੀਆਂ (ਦਸੰਬਰ-ਫਰਵਰੀ) ਅਤੇ ਮੌਨਸੂਨ (ਜੂਨ-ਅਗਸਤ) ਲਈ ਪ੍ਰਤੀ ਵਿਅਕਤੀ ਪਰਮਿਟ ਫੀਸ 2750 ਅਮਰੀਕੀ ਡਾਲਰ ਤੋਂ ਵਧ ਕੇ 3750 ਅਮਰੀਕੀ ਡਾਲਰ ਹੋ ਗਈ ਹੈ।

ਸੈਰ-ਸਪਾਟਾ ਬੋਰਡ ਦੀ ਡਾਇਰੈਕਟਰ ਆਰਤੀ ਨਿਊਪਾਨੇ ਨੇ ਕਿਹਾ ਕਿ ਇਸ ਸਬੰਧ ਵਿੱਚ ਕੈਬਨਿਟ ਦਾ ਫੈਸਲਾ ਪਹਿਲਾਂ ਹੀ ਹੋ ਚੁੱਕਾ ਹੈ, ਹਾਲਾਂਕਿ ਅਧਿਕਾਰਤ ਐਲਾਨ ਹੋਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ 8848.86 ਮੀਟਰ ਉੱਚੀ ਚੋਟੀ ’ਤੇ ਚੜ੍ਹਨ ਲਈ ਫੀਸ ਦੀਆਂ ਨਵੀਆਂ ਦਰਾਂ ਪਹਿਲੀ ਸਤੰਬਰ 2025 ਤੋਂ ਲਾਗੂ ਹੋਣਗੀਆਂ।

ਨੇਪਾਲ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੈਬਨਿਟ ਵੱਲੋਂ ਪਾਸ ਕੀਤੇ ਗਏ ਸੋਧੇ ਹੋਏ ਨਿਯਮ ਲਾਗੂ ਹੋ ਜਾਣਗੇ। ਹਾਲਾਂਕਿ, ਉਨ੍ਹਾਂ ਕਿਹਾ ਕਿ ਸਰਦ ਰੁੱਤ ਵਾਸਤੇ ਐਵਰੈਸਟ ’ਤੇ ਚੜ੍ਹਨ ਦੇ ਇੱਛੁਕ ਨੇਪਾਲੀ ਪਰਬਤਾਰੋਹੀਆਂ ਵਾਸਤੇ ਪਰਮਿਟ ਫੀਸ ਨੂੰ ਮੌਜੂਦਾ 75000 ਰੁਪਏ ਤੋਂ ਵਧਾ ਕੇ ਦੁੱਗਣੀ ਮਤਲਬ 1,50,000 ਰੁਪਏ ਕਰ ਦਿੱਤਾ ਜਾਵੇਗਾ।

ਪਹਿਲਾਂ 2015 ’ਚ ਵਧਾਈ ਸੀ ਫੀਸ
ਪਰਮਿਟ ਫੀਸ ਵਿੱਚ ਆਖ਼ਰੀ ਵਾਰ ਸੋਧ ਪਹਿਲੀ ਜਨਵਰੀ 2015 ਨੂੰ ਕੀਤੀ ਗਈ ਸੀ। ਇਸ ਤੋਂ ਇਲਾਵਾ, ਚੜ੍ਹਾਈ ਲਈ ਪਰਮਿਟ ਦੇ 75 ਦਿਨਾਂ ਦੇ ਸਮੇਂ ਨੂੰ 55 ਦਿਨ ਕਰ ਦਿੱਤਾ ਜਾਵੇਗੀ। ਦੈਨਿਕ ਅਖ਼ਬਾਰ ‘ਕਾਠਮੰਡੂ ਪੋਸਟ’ ਦੀ ਖ਼ਬਰ ਮੁਤਾਬਕ ਚੜ੍ਹਾਈ ਦਾ ਸਮਾਂ ਘੱਟ ਕਰਨ ਦਾ ਉਦੇਸ਼ ਗਤੀਵਿਧੀਆਂ ਨੂੰ ਸਹੀ ਢੰਗ ਨਾਲ ਵਿਵਸਥਿਤ ਕਰਨਾ ਹੈ। ਸੈਰ-ਸਪਾਟਾ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਇੰਦੂ ਘਿਮਿਰੇ ਨੇ ਕਿਹਾ, ‘‘ਬਸੰਤ 2025 ਲਈ ਪਹਿਲਾਂ ਤੋਂ ਸਵੀਕਾਰ ਕੀਤੀਆਂ ਗਈਆਂ ਬੁਕਿੰਗਜ਼ ’ਤੇ ਇਸ ਬਦਲਾਅ ਦਾ ਅਸਰ ਨਹੀਂ ਪਵੇਗਾ।’’

ad