ਇਟਲੀ: ਖੇਤ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੇ ਮਾਮਲੇ ’ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ

ਰੋਮ,(ਇੰਡੋਂ ਕਨੇਡੀਅਨ ਟਾਇਮਜ਼)- ਇਟਲੀ ਦੇ ਵੇਰੋਨਾ ਸੂਬੇ ’ਚ 33 ਖੇਤ ਮਜ਼ਦੂਰਾਂ ਨੂੰ ਗੁਲਾਮ ਬਣਾ ਕੇ ਮਜ਼ਦੂਰੀ ਕਰਾਉਣ ਦੇ ਦੋਸ਼ ਹੇਠ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖ਼ਬਰ ਏਜੰਸੀ ‘ਏਐੱਨਐੱਸਏ’ ਮੁਤਾਬਕ ਫਾਇਨਾਂਸ ਪੁਲੀਸ ਨੇ ਸ਼ੱਕੀਆਂ ਦੀ 4,75,000 ਯੂਰੋ ਦੀ ਸੰਪਤੀ ਵੀ ਜ਼ਬਤ ਕੀਤੀ ਹੈ ਜੋ ਖੇਤੀ ਸੈਕਟਰ ਨਾਲ ਜੁੜੀਆਂ ਦੋ ਕੰਪਨੀਆਂ ਦੇ ਮਾਲਕ ਹਨ ਅਤੇ ਇਨ੍ਹਾਂ ’ਚ ਕੋਈ ਵੀ ਮੁਲਾਜ਼ਮ ਨਹੀਂ ਹੈ ਅਤੇ ਉਨ੍ਹਾਂ ’ਤੇ ਟੈਕਸ ਚੋਰੀ ਦਾ ਵੀ ਦੋਸ਼ ਹੈ। ਇਤਾਲਵੀ ਖ਼ਬਰ ਏਜੰਸੀ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਬੰਦੀ ਬਣਾ ਕੇ ਮਜ਼ਦੂਰੀ ਕਰਾਉਣ ਅਤੇ ਸ਼ੋਸ਼ਣ ਸਮੇਤ ਹੋਰ ਅਪਰਾਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਟਲੀ ’ਚ ਗੁਲਾਮ ਬਣਾ ਕੇ ਮਜ਼ਦੂਰੀ ਕਰਾਉਣ ਦੇ ਆਧੁਨਿਕ ਰੂਪ ਦਾ ਮੁੱਦਾ ਹੁਣੇ ਜਿਹੇ 31 ਵਰ੍ਹਿਆਂ ਦੇ ਖੇਤ ਮਜ਼ਦੂਰ ਸਤਨਾਮ ਸਿੰਘ ਦੀ ਮੌਤ ਮਗਰੋਂ ਮੀਡੀਆ ਦੀਆਂ ਸੁਰਖੀਆਂ ’ਚ ਆਇਆ ਸੀ। ਪਿਛਲੇ ਮਹੀਨੇ ਰੋਮ ਨੇੜੇ ਲਾਜ਼ੀਓ ’ਚ ਇਕ ਮਸ਼ੀਨ ਦੀ ਲਪੇਟ ’ਚ ਆਉਣ ਕਾਰਨ ਉਸ ਦੀ ਇਕ ਬਾਂਹ ਕੱਟ ਗਈ ਸੀ ਅਤੇ ਮਾਲਕ ਨੇ ਉਸ ਨੂੰ ਸੜਕ ’ਤੇ ਮਰਨ ਲਈ ਛੱਡ ਦਿੱਤਾ ਸੀ। ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਨੇ ਪਿਛਲੇ ਮਹੀਨੇ ਇਸ ਘਟਨਾ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਟਲੀ ’ਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ ਅਤੇ ਪਰਵਾਸੀਆਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ।