ਗਾਜ਼ਾ ਜੰਗਬੰਦੀ ਦੇ ਐਲਾਨ ’ਚ ਇਜ਼ਰਾਈਲ ਅੜਿੱਕਾ

ਗਾਜ਼ਾ ਜੰਗਬੰਦੀ ਦੇ ਐਲਾਨ ’ਚ ਇਜ਼ਰਾਈਲ ਅੜਿੱਕਾ

ਹਮਾਸ ਨੂੰ ਅੜੀ ਛੱਡਣ ਲਈ ਕਿਹਾ; ਸਮਝੌਤੇ ਦਾ ਪਹਿਲਾ ਪੜਾਅ ਐਤਵਾਰ ਤੋਂ ਹੋਵੇਗਾ ਸ਼ੁਰੂ
* ਇਜ਼ਰਾਇਲੀ ਹਮਲੇ ’ਚ 72 ਹਲਾਕ

ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਗਾਜ਼ਾ ’ਚ 15 ਮਹੀਨੇ ਤੋਂ ਜਾਰੀ ਜੰਗ ਨੂੰ ਰੋਕਣ ਅਤੇ ਦਰਜਨਾਂ ਬੰਦੀਆਂ ਦੀ ਰਿਹਾਈ ਸਬੰਧੀ ਸਮਝੌਤੇ ’ਚ ਇਜ਼ਰਾਈਲ ਅੜਿੱਕਾ ਬਣ ਗਿਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਨਾਲ ਗੋਲਬੰਦੀ ਦੇ ਸਮਝੌਤੇ ਦੀ ਗੱਲ ਸਿਰੇ ਨਹੀਂ ਚੜ੍ਹੀ ਹੈ। ਉਂਝ ਅਮਰੀਕਾ ਅਤੇ ਕਤਰ ਨੇ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ। ਉਧਰ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਗੋਲੀਬੰਦੀ ਦੇ ਸਮਝੌਤੇ ਦੇ ਐਲਾਨ ਮਗਰੋਂ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ 72 ਵਿਅਕਤੀ ਮਾਰੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਕੈਬਨਿਟ ਜੰਗਬੰਦੀ ਦੇ ਸਮਝੌਤੇ ’ਤੇ ਮੋਹਰ ਲਗਾਉਣ ਲਈ ਉਦੋਂ ਤੱਕ ਮੀਟਿੰਗ ਨਹੀਂ ਕਰੇਗੀ ਜਦੋਂ ਤੱਕ ਕਿ ਹਮਾਸ ਆਪਣੀ ਅੜੀ ਨਹੀਂ ਛੱਡ ਦਿੰਦਾ ਹੈ। ਗੋਲੀਬੰਦੀ ਦੇ ਸਮਝੌਤੇ ਦੇ ਤਿੰਨ ਪੜਾਅ ਹਨ ਅਤੇ ਪਹਿਲਾ ਪੜਾਅ ਐਤਵਾਰ ਤੋਂ ਸ਼ੁਰੂ ਹੋ ਜਾਵੇਗਾ। ਵਾਰਤਾਕਾਰ ਕਤਰ ਮੁਤਾਬਕ ਛੇ ਹਫ਼ਤਿਆਂ ਤੱਕ ਜੰਗ ਰੋਕੀ ਜਾਵੇਗੀ ਅਤੇ ਜੰਗ ਖ਼ਤਮ ਕਰਨ ਲਈ ਗੱਲਬਾਤ ਦਾ ਰਾਹ ਖੋਲ੍ਹਿਆ ਜਾਵੇਗਾ। ਇਸ ਵਕਫ਼ੇ ਦੌਰਾਨ ਕਰੀਬ 100 ਬੰਦੀਆਂ ’ਚੋਂ 33 ਨੂੰ ਰਿਹਾਅ ਕੀਤਾ ਜਾਵੇਗਾ। ਇਹ ਸਪੱਸ਼ਟ ਨਹੀਂ ਕਿ ਉਹ ਸਾਰੇ ਜ਼ਿੰਦਾ ਹਨ ਜਾਂ ਨਹੀਂ। ਅਮਰੀਕਾ ਨੇ ਕਿਹਾ ਹੈ ਕਿ ਪਹਿਲੇ ਪੜਾਅ ਤਹਿਤ ਇਜ਼ਰਾਇਲੀ ਫੌਜ ਗਾਜ਼ਾ ਦੇ ਸੰਘਣੇ ਅਬਾਦੀ ਵਾਲੇ ਇਲਾਕਿਆਂ ’ਚੋਂ ਹਟੇਗੀ। ਦੂਜਾ ਪੜਾਅ ਗੋਲੀਬੰਦੀ ਦੇ 16ਵੇਂ ਦਿਨ ਸ਼ੁਰੂ ਹੋਵੇਗਾ ਅਤੇ ਇਸ ਤਹਿਤ ਸਾਰੇ ਜਿਊਂਦਾ ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਇਜ਼ਰਾਈਲ ਨੇ ਕਿਹਾ ਹੈ ਕਿ ਹਮਾਸ ਦੀ ਫੌਜੀ ਅਤੇ ਸਿਆਸੀ ਸਮਰੱਥਾ ਖ਼ਤਮ ਹੋਣ ਤੱਕ ਉਹ ਮੁਕੰਮਲ ਵਾਪਸੀ ’ਤੇ ਸਹਿਮਤ ਨਹੀਂ ਹਨ। ਉਧਰ ਹਮਾਸ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਦੀ ਸਾਰੀ ਫੌਜ ਹਟਣ ਤੱਕ ਆਖਰੀ ਬੰਦੀ ਨੂੰ ਨਹੀਂ ਸੌਂਪਣਗੇ। ਤੀਜੇ ਪੜਾਅ ਤਹਿਤ ਮਾਰੇ ਗਏ ਬੰਦੀਆਂ ਦੀਆਂ ਲਾਸ਼ਾਂ ਸੌਂਪੀਆਂ ਜਾਣਗੀਆਂ ਅਤੇ ਗਾਜ਼ਾ ਦੀ ਪੁਨਰ ਉਸਾਰੀ ਦਾ ਕੰਮ ਸ਼ੁਰੂ ਹੋਵੇਗਾ।

ਭਾਰਤ ਵੱਲੋਂ ਗਾਜ਼ਾ ’ਚ ਗੋਲੀਬੰਦੀ ਦੇ ਸਮਝੌਤੇ ਦਾ ਸਵਾਗਤ
ਨਵੀਂ ਦਿੱਲੀ; ਭਾਰਤ ਨੇ ਗਾਜ਼ਾ ’ਚ ਗੋਲੀਬੰਦੀ ਅਤੇ ਬੰਧਕਾਂ ਦੀ ਰਿਹਾਈ ਸਬੰਧੀ ਸਮਝੌਤੇ ਦਾ ਸਵਾਗਤ ਕੀਤਾ ਹੈ। ਭਾਰਤ ਨੇ ਆਸ ਜਤਾਈ ਹੈ ਕਿ ਸਮਝੌਤੇ ਨਾਲ ਗਾਜ਼ਾ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਲਗਾਤਾਰ ਮਾਨਵੀ ਸਹਾਇਤਾ ਮਿਲੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਾਰੇ ਬੰਧਕਾਂ ਦੀ ਰਿਹਾਈ ਅਤੇ ਗੋਲੀਬੰਦੀ ਦਾ ਲਗਾਤਾਰ ਸੱਦਾ ਦਿੰਦਾ ਆ ਰਿਹਾ ਹੈ ਤਾਂ ਜੋ ਵਾਰਤਾ ਅਤੇ ਕੂਟਨੀਤੀ ਰਾਹੀਂ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਧਰ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਗੋਲੀਬੰਦੀ ਦੇ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ਼ਾਂਤੀ ਵੱਲ ਪਹਿਲਾ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਫਲਸਤੀਨੀਆਂ ਅਤੇ ਇਜ਼ਰਾਇਲੀਆਂ ਦੇ ਬਿਹਤਰ ਭਵਿੱਖ ਲਈ ਭਰੋਸੇਯੋਗ ਸਿਆਸੀ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਮਿਸਰ, ਕਤਰ ਅਤੇ ਅਮਰੀਕਾ ਵੱਲੋਂ ਸਮਝੌਤਾ ਕਰਾਉਣ ਦੀ ਵੀ ਸ਼ਲਾਘਾ ਕੀਤੀ ਹੈ।

ਟਰੰਪ ਅਤੇ ਬਾਇਡਨ ਨੇ ਸਮਝੌਤੇ ਲਈ ਆਪੋ-ਆਪਣੀ ਪਿੱਠ ਥਾਪੜੀ
ਵਾਸ਼ਿੰਗਟਨ; ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਦੇ ਸਮਝੌਤੇ ਦਾ ਸਿਹਰਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪੋ ਆਪਣੇ ਸਿਰ ’ਤੇ ਬੰਨ੍ਹਿਆ ਹੈ। ਟਰੰਪ ਨੇ ਕਿਹਾ ਕਿ ਸਮਝੌਤੇ ਪਿੱਛੇ ਉਨ੍ਹਾਂ ਦਾ ਹੱਥ ਹੈ, ਜਦਕਿ ਬਾਇਡਨ ਨੇ ਕਿਹਾ ਕਿ ਪਿਛਲੇ ਸਾਲ ਮਈ ’ਚ ਬਣਾਈ ਗਈ ਯੋਜਨਾ ਤਹਿਤ ਉਹ ਹੁਣ ਜਾ ਕੇ ਸਮਝੌਤੇ ’ਤੇ ਪੁੱਜੇ ਹਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਦੀ ਨਵੰਬਰ ’ਚ ਇਤਿਹਾਸਕ ਜਿੱਤ ਦੇ ਨਤੀਜੇ ਵਜੋਂ ਗੋਲੀਬੰਦੀ ਦਾ ਸਮਝੌਤਾ ਸਿਰੇ ਚੜ੍ਹਿਆ ਹੈ ਕਿਉਂਕਿ ਪੂਰੀ ਦੁਨੀਆ ਸਮਝ ਗਈ ਹੈ ਕਿ ਉਨ੍ਹਾਂ ਦੀ ਸਰਕਾਰ ਸ਼ਾਂਤੀ ਅਤੇ ਸਾਰੇ ਅਮਰੀਕੀਆਂ ਤੇ ਭਾਈਵਾਲਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੀ ਹੈ। ਟਰੰਪ ਨੇ ਕਿਹਾ ਕਿ ਦੋਹਾ ’ਚ ਗੱਲਬਾਤ ’ਚ ਸ਼ਾਮਲ ਮੱਧ ਪੂਰਬ ਮਾਮਲਿਆਂ ਦੇ ਸਫ਼ੀਰ ਸਟੀਵ ਵਿਟਕੌਫ ਇਜ਼ਰਾਈਲ ਅਤੇ ਹੋਰ ਭਾਈਵਾਲਾਂ ਨਾਲ ਰਲ ਕੇ ਕੰਮ ਕਰਨਾ ਜਾਰੀ ਰਖਣਗੇ ਤਾਂ ਜੋ ਗਾਜ਼ਾ ਦਹਿਸ਼ਤਗਰਦਾਂ ਦੀ ਮੁੜ ਤੋਂ ਸੁਰੱਖਿਅਤ ਪਨਾਹਗਾਹ ਨਾ ਬਣ ਸਕੇ। 

sant sagar