ਯਮਨ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਇਜ਼ਰਾਈਲ ’ਚ ਡਿੱਗੀ

ਯਮਨ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਇਜ਼ਰਾਈਲ ’ਚ ਡਿੱਗੀ

ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਯਮਨ ਦੇ ਇਰਾਨ ਸਮਰਥਿਤ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਐਤਵਾਰ ਤੜਕੇ ਮੱਧ ਇਜ਼ਰਾਈਲ ਦੇ ਖੁੱਲ੍ਹੇ ਇਲਾਕੇ ’ਚ ਡਿੱਗੀ ਜਿਸ ਕਾਰਨ ਕੌਮਾਂਤਰੀ ਹਵਾਈ ਅੱਡੇ ’ਤੇ ਸਾਇਰਨ ਵੱਜਣ ਲੱਗ ਪਏ। ਇਜ਼ਰਾਈਲ ਨੇ ਸੰਕੇਤ ਦਿੱਤੇ ਕਿ ਫੌਜ ਇਸ ਦਾ ਜਵਾਬ ਜ਼ਰੂਰ ਦੇਵੇਗੀ। ਮਿਜ਼ਾਈਲ ਡਿੱਗਣ ਕਾਰਨ ਕੋਈ ਜਾਨੀ ਜਾਂ ਵੱਡਾ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ ਪਰ ਇਜ਼ਰਾਇਲੀ ਮੀਡੀਆ ਵੱਲੋਂ ਦਿਖਾਏ ਫੁਟੇਜ ’ਚ ਬੇਨ ਗੁਰਿਓਨ ਕੌਮਾਂਤਰੀ ਹਵਾਈ ਅੱਡੇ ’ਤੇ ਲੋਕ ਸੁਰੱਖਿਅਤ ਥਾਂ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੇ ਥੋੜੇ ਸਮੇਂ ਮਗਰੋਂ ਹੀ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਸਨ। ਮੱਧ ਇਜ਼ਰਾਈਲ ਦੇ ਦਿਹਾਤੀ ਇਲਾਕੇ ’ਚ ਅੱਗ ਲੱਗੀ ਦਿਖਾਈ ਦਿੱਤੀ ਜੋ ਮੰਨਿਆ ਜਾ ਰਿਹਾ ਹੈ ਕਿ ਮਿਜ਼ਾਈਲ ਫੁੰਡਣ ਵਾਲੇ ਰਾਕੇਟ ਦੇ ਕੁਝ ਹਿੱਸੇ ਡਿੱਗਣ ਕਾਰਨ ਲੱਗੀ ਸੀ ਅਤੇ ਇਹ ਮੋਦਿਨ ਦੇ ਟਰੇਨ ਸਟੇਸ਼ਨ ’ਤੇ ਡਿੱਗਿਆ ਸੀ।

ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਮਿਜ਼ਾਈਲ ਹਵਾ ’ਚ ਫੁੰਡਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਯਮਨ ਦੇ ਬਾਗ਼ੀਆਂ, ਜੋ ਹੂਤੀ ਵਜੋਂ ਜਾਣੇ ਜਾਂਦੇ ਹਨ, ਵੱਲੋਂ ਇਜ਼ਰਾਈਲ ’ਤੇ ਲਗਾਤਾਰ ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ ਜਾ ਰਹੀਆਂ ਹਨ ਪਰ ਜ਼ਿਆਦਾਤਰ ਨੂੰ ਲਾਲ ਸਾਗਰ ’ਚ ਹਵਾ ’ਚ ਹੀ ਫੁੰਡ ਦਿੱਤਾ ਗਿਆ ਸੀ। 
 

ad