ਇਜ਼ਰਾਇਲੀ ਹਮਲੇ ’ਚ 17 ਹਲਾਕ

ਯੇਰੂਸ਼ਲਮ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਕੀਤੇ ਗਏ ਹਮਲੇ ’ਚ 17 ਫਲਸਤੀਨੀ ਮਾਰੇ ਗਏ। ਇਨ੍ਹਾਂ ’ਚ ਪੰਜ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹਨ। ਇਹ ਹਮਲੇ ਉਸ ਸਮੇਂ ਹੋਏ ਜਦੋਂ ਗੋਲੀਬੰਦੀ ਦੇ ਸਮਝੌਤੇ ਲਈ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਹੋਣ ਦੀ ਆਸ ਹੈ। ਅਲ-ਅਕਸਾ ਮਾਰਟੀਅਰਜ਼ ਹਸਪਤਾਲ ਮੁਤਾਬਕ ਗਾਜ਼ਾ ਦੇ ਨੁਸਰਤ ਸ਼ਰਨਾਰਥੀ ਕੈਂਪ ’ਚ ਰਹਿ ਰਹੇ ਇਕ ਪਰਿਵਾਰ ਦੇ ਟਿਕਾਣੇ ’ਤੇ ਹਮਲਾ ਹੋਇਆ ਜਿਸ ’ਚ ਪੰਜ ਬੱਚੇ (2 ਤੋਂ 11 ਸਾਲ) ਅਤੇ ਉਨ੍ਹਾਂ ਦੇ ਮਾਪੇ ਮਾਰੇ ਗਏ। ਇਸੇ ਤਰ੍ਹਾਂ ਮਗ਼ਾਜ਼ੀ ਸ਼ਰਨਾਰਥੀ ਕੈਂਪ ’ਚ ਇਕ ਘਰ ’ਤੇ ਅੱਜ ਤੜਕੇ ਹੋਏ ਹਮਲੇ ’ਚ ਚਾਰ ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਖ਼ਾਨ ਯੂਨਿਸ ਸ਼ਹਿਰ ’ਚ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੇਇਤ ਲਾਹੀਆ ’ਚ ਇਕ ਘਰ ’ਤੇ ਹੋਏ ਇਜ਼ਰਾਇਲੀ ਹਮਲੇ ’ਚ ਦੋ ਹੋਰ ਵਿਅਕਤੀ ਮਾਰੇ ਗਏ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਮਾਰੇ ਗਏ ਵਿਅਕਤੀ ਆਮ ਨਾਗਰਿਕ ਜਾਂ ਦਹਿਸ਼ਤਗਰਦ ਸਨ।