ਜੰਗਬੰਦੀ ਬਾਰੇ ਵਾਰਤਾ ਹਾਲੇ ਨਹੀਂ ਰੁਕੀ: ਹਮਾਸ

ਮੁਵਾਸੀ,(ਇੰਡੋਂ ਕਨੇਡੀਅਨ ਟਾਇਮਜ਼)- ਹਮਾਸ ਨੇ ਕਿਹਾ ਹੈ ਕਿ ਗਾਜ਼ਾ ਜੰਗਬੰਦੀ ਬਾਰੇ ਵਾਰਤਾ ਜਾਰੀ ਹੈ ਅਤੇ ਉਨ੍ਹਾਂ ਦਾ ਫ਼ੌਜੀ ਕਮਾਂਡਰ ਬਿਲਕੁਲ ਠੀਕ-ਠਾਕ ਹੈ। ਇਜ਼ਰਾਇਲੀ ਫ਼ੌਜ ਨੇ ਇਕ ਦਿਨ ਪਹਿਲਾਂ ਹਮਾਸ ਕਮਾਂਡਰ ਮੁਹੰਮਦ ਦੀਫ਼ ਨੂੰ ਨਿਸ਼ਾਨਾ ਬਣਾਉਂਦਿਆਂ ਜ਼ੋਰਦਾਰ ਹਵਾਈ ਹਮਲਾ ਕੀਤਾ ਸੀ ਜਿਸ ’ਚ ਬੱਚਿਆਂ ਸਮੇਤ 90 ਵਿਅਕਤੀ ਮਾਰੇ ਗਏ ਸਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਦੀਫ਼ ਦੀ ਹਾਲਤ ਬਾਰੇ ਕੁਝ ਵੀ ਪਤਾ ਨਹੀਂ ਹੈ। ਹਮਾਸ ਦੇ ਨੁਮਾਇੰਦਿਆਂ ਨੇ ਆਪਣੇ ਕਮਾਂਡਰ ਦੀ ਸਿਹਤ ਬਾਰੇ ਕੋਈ ਸਬੂਤ ਨਹੀਂ ਦਿੱਤਾ ਹੈ।
ਇਜ਼ਰਾਇਲੀ ਫ਼ੌਜ ਨੇ ਅੱਜ ਦਾਅਵਾ ਕੀਤਾ ਕਿ ਦੀਫ਼ ਦਾ ਨੇੜਲਾ ਸਹਿਯੋਗੀ ਰਾਫ਼ਾ ਸਲਾਮਾ ਸ਼ਨਿਚਰਵਾਰ ਨੂੰ ਕੀਤੇ ਗਏ ਹਮਲੇ ਦੌਰਾਨ ਮਾਰਿਆ ਗਿਆ ਹੈ। ਸਲਾਮਾ ਹਮਾਸ ਦੀ ਖ਼ਾਨ ਯੂਨਿਸ ਬ੍ਰਿਗੇਡ ਦਾ ਮੁਖੀ ਸੀ। ਹਮਾਸ ਨੇ ਹਮਲੇ ਮਗਰੋਂ ਜੰਗਬੰਦੀ ਬਾਰੇ ਚੱਲ ਰਹੀ ਵਾਰਤਾ ਮੁਅੱਤਲ ਕਰਨ ਦੀਆਂ ਰਿਪੋਰਟਾਂ ਨੂੰ ਨਕਾਰ ਦਿੱਤਾ। ਤਰਜਮਾਨ ਜਿਹਾਦ ਤਾਹਾ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਭਿਆਨਕ ਕਤਲੇਆਮ ਕਾਰਨ ਕਿਸੇ ਵੀ ਕੋਸ਼ਿਸ਼ ’ਤੇ ਅਸਰ ਪੈ ਸਕਦਾ ਹੈ ਪਰ ਵਿਚੋਲਿਆਂ ਵਿਚਕਾਰ ਵਾਰਤਾ ਜਾਰੀ ਰਹੇਗੀ। ਹਮਲੇ ’ਚ ਬਚੇ ਕੁਝ ਲੋਕਾਂ ਨੇ ਕਿਹਾ ਕਿ ਇਲਾਕੇ ’ਚ ਬਿਨ੍ਹਾਂ ਕਿਸੇ ਚਿਤਾਵਨੀ ਦੇ ਹਮਲਾ ਕੀਤਾ ਗਿਆ ਸੀ। ਹਮਲੇ ’ਚ 300 ਤੋਂ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਪੂਰਬੀ ਯੇਰੂਸ਼ਲਮ ਦੇ ਫਲਸਤੀਨੀ ਵਸਨੀਕ ਨੇ ਮੱਧ ਇਜ਼ਰਾਈਲ ’ਚ ਲੋਕਾਂ ’ਤੇ ਕਾਰ ਚੜ੍ਹਾ ਦਿੱਤੀ ਜਿਸ ’ਚ ਚਾਰ ਇਜ਼ਰਾਇਲੀ ਜ਼ਖ਼ਮੀ ਹੋ ਗਏ। ਪੁਲੀਸ ਨੇ ਹਮਲਾਵਰ ਨੂੰ ਮੌਕੇ ’ਤੇ ਹੀ ਗੋਲੀ ਮਾਰ ਦਿੱਤੀ। ਉਧਰ ਨੁਸਰਤ ’ਚ ਇਜ਼ਰਾਈਲ ਵੱਲੋਂ ਇਕ ਸਕੂਲ ਦੇ ਗੇਟ ’ਤੇ ਕੀਤੇ ਗਏ ਹਮਲੇ ’ਚ 13 ਵਿਅਕਤੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਏਜੰਸੀ ਵੱਲੋਂ ਚਲਾਏ ਜਾ ਰਹੇ ਸਕੂਲ ਨੇੜਲੇ ਇਲਾਕੇ ’ਚ ਅਤਿਵਾਦੀ ਸਰਗਰਮ ਸਨ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।