ਇਮਰਾਨ ਅਡਿਆਲਾ ਜੇਲ੍ਹ ਦੀ ਕਾਲ ਕੋਠੜੀ ’ਚ ਬੰਦ: ਪੀਟੀਆਈ

ਮੁਲਾਕਾਤੀਆਂ ਨੂੰ ਸਾਬਕਾ ਪ੍ਰਧਾਨ ਮੰਤਰੀ ਨਾਲ ਮਿਲਣ ਨਾ ਦੇਣ ਦਾ ਦਾਅਵਾ
ਇਸਲਾਮਾਬਾਦ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਅੱਜ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਰਾਵਲਪਿੰਡੀ ਸਥਿਤ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ਦੀ ਕਾਲ ਕੋਠੜੀ (ਜਿੱਥੇ ਮੌਤ ਦੇ ਸਜ਼ਾਯਾਫ਼ਤਾ ਕੈਦੀਆਂ ਨੂੰ ਰੱਖਿਆ ਜਾਂਦਾ ਹੈ।) ਵਿੱਚ ਹੈ। ਪੀਟੀਆਈ ਦੇ ਕੇਂਦਰੀ ਸੂਚਨਾ ਸਕੱਤਰ ਸ਼ੇਖ਼ ਵੱਕਾਸ ਅਕਰਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ, ‘‘ਇਮਰਾਨ ਖ਼ਾਨ ਨੂੰ ਕਾਲ ਕੋਠੜੀ ਵਿੱਚ ਰੱਖਿਆ ਗਿਆ ਹੈ, ਜਿੱਥੇ ਉਹ ਇਕਾਂਤਵਾਸ ਵਿੱਚ ਹਨ। ਇਮਰਾਨ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਵਿਚਾਰ ਅਧੀਨ ਕੈਦੀ ਵਜੋਂ ਕਾਲ ਕੋਠੜੀ ਵਿੱਚ ਰੱਖਿਆ ਗਿਆ ਸੀ।’’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਿਸ ਕਾਲ ਕੋਠੜੀ (ਡੈੱਥ ਸੈੱਲ) ਵਿੱਚ ਇਮਰਾਨ ਖਾਨ ਨੂੰ ਰੱਖਿਆ ਗਿਆ ਹੈ, ਉਹ ਅਤਿਵਾਦੀਆਂ ਲਈ ਬਣਾਈ ਹੈ। ਇਹ ਸ਼ਰਮਨਾਕ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਸਿਰਫ਼ ਉਨ੍ਹਾਂ ਦੀ ਇੱਛਾ-ਸ਼ਕਤੀ ਨੂੰ ਤੋੜਨ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ।
ਅਕਰਮ ਨੇ ਕਿਹਾ ਕਿ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਇਮਰਾਨ ਦਾ ਇਰਾਦਾ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਇਮਰਾਨ ਨੂੰ ਸਿਆਸੀ ਸਹਿਯੋਗੀਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਮੁਲਾਕਾਤੀਆਂ ਨੂੰ ਮਿਲਣ ਨਹੀਂ ਦੇ ਰਿਹਾ। ਇਹ ਕਾਨੂੰਨ ਦੇ ਉਲਟ ਹੈ, ਜਿਸ ਤਹਿਤ ਉਨ੍ਹਾਂ ਨੂੰ ਵਕੀਲਾਂ ਤੇ ਕਰੀਬੀ ਰਿਸ਼ਤੇਦਾਰਾਂ ਨਾਲ ਮਿਲਣ ਦਾ ਹੱਕ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਮਰਾਨ ਨੂੰ ਛੇ ਜਣਿਆਂ ਨੂੰ ਮਿਲਣ ਦੀ ਇਜਾਜ਼ਤ ਦੇਣ ਸਬੰਧੀ ਅਦਾਲਤੀ ਫ਼ੈਸਲੇ ਦੇ ਬਾਵਜੂਦ ਜੇਲ੍ਹ ਅਧਿਕਾਰੀਆਂ ਵੱਲੋਂ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਕਰਮ ਨੇ ਕਿਹਾ,‘‘ਅਦਾਲਤਾਂ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ। ਇੱੱਥੋਂ ਤੱਕ ਕਿ ਇਮਰਾਨ ਖ਼ਾਨ ਦੀ ਪਤਨੀ ਨੂੰ ਦੋ ਵਾਰ ਉਨ੍ਹਾਂ ਨਾਲ ਮੁਲਾਕਾਤ ਤੋਂ ਰੋਕ ਦਿੱਤਾ ਗਿਆ ਅਤੇ ਨਾ ਹੀ ਕੋਈ ਸਪਸ਼ਟੀਕਰਨ ਦਿੱਤਾ ਗਿਆ।’’