ਪਾਕਿਸਤਾਨ: ਇਮਰਾਨ ਖ਼ਾਨ ਨੇ ਜਮਹੂਰੀ ਤੇ ਖੇਤਰੀ ਸਥਿਰਤਾ ਲਈ ਆਲਮੀ ਮਦਦ ਮੰਗੀ

ਸਾਬਕਾ ਪ੍ਰਧਾਨ ਮੰਤਰੀ ਨੇ ‘ਟਾਈਮ‘ ਮੈਗਜ਼ੀਨ ’ਚ ਲੇਖ ਰਾਹੀਂ ਕੀਤੀ ਕੌਮਾਂਤਰੀ ਭਾਈਚਾਰੇ ਨੂੰ ਅਪੀਲ ; ਦੇਸ਼ ’ਚ ਲੋਕਤੰਤਰ ਦੇ ਕਥਿਤ ਖੋਰੇ ’ਤੇ ਫਿਕਰਮੰਦੀ ਜਤਾਈ; ਆਪਣੇ ਖ਼ਿਲਾਫ਼ ਕੇਸਾਂ ਨੂੰ ਸਿਆਸੀ ਬਦਲਾਖੋਰੀ ਦੱਸਿਆ
ਇਸਲਾਮਾਬਾਦ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ, ਖਾਸਕਰ ਅਮਰੀਕਾ ਨੂੰ ਜਮਹੂਰੀਅਤ, ਮਨੁੱਖੀ ਅਧਿਕਾਰਾਂ ਤੇ ਖੇਤਰੀ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ।
ਅਖ਼ਬਾਰ ‘ਡਾਅਨ’ ਨੇ ਕਿਹਾ ਕਿ ‘ਟਾਈਮ’ ਮੈਗਜ਼ੀਨ ਵਿੱਚ ਖ਼ਾਨ ਦੇ ਨਾਮ ਹੇਠ ਪ੍ਰਕਾਸ਼ਿਤ ਇੱਕ ਲੇਖ ਰਾਹੀਂ ਜੇਲ੍ਹ ’ਚ ਬੰਦ ਸਿਆਸਤਦਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਨ੍ਹਾਂ ਦੀ ‘ਰਾਜਨੀਤਕ ਵਾਪਸੀ’ ਲਈ ਵਧਾਈ ਦਿੱਤੀ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਅਮਰੀਕਾ ਆਰਥਿਕ ਭਾਈਵਾਲੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਸੰਘਰਸ਼ ਅਤੇ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਸਥਿਤੀਆਂ ਨੂੰ ਰੋਕਣ ਲਈ ਪਾਕਿਸਤਾਨ ਨਾਲ ਕੰਮ ਕਰੇਗਾ।
ਹਾਲਾਂਕਿ ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਇਹ ਲੇਖ ਅਸਲ ’ਚ ਖਾਨ ਨੇ ਲਿਖਿਆ ਹੈ ਜਾਂ ਨਹੀਂ ਅਤੇ ਇਹ ਮੈਗਜ਼ੀਨ ਤੱਕ ਕਿਵੇਂ ਪਹੁੰਚਾਇਆ ਗਿਆ।
ਇਮਰਾਨ ਖ਼ਾਨ ਨੇ ਪਾਕਿਸਤਾਨ ਵਿੱਚ ‘ਰਾਜਸੀ ਹਲਚਲ’ ਅਤੇ ਜਮਹੂਰੀਅਤ ਲਈ ਆਪਣੀ ਲੜਾਈ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮੁਲਕ ’ਚ ਲੋਕਤੰਤਰ ਦੇ ਕਥਿਤ ਖੋਰੇ ’ਤੇ ਫਿਕਰਮੰਦੀ ਪ੍ਰਗਟਾਈ ਅਤੇ ਮੌਜੂਦਾ ਸਮੇਂ ਨੂੰ ਦੇਸ਼ ਦੇ ਇਤਿਹਾਸ ’ਚ ਸਭ ਤੋਂ ਚੁਣੌਤੀਪੂਰਨ ਕਰਾਰ ਦਿੱਤਾ। ਖ਼ਾਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਜਸੀ ਤੌਰ ’ਤੇ ਪ੍ਰੇਰਿਤ ਕਦਮਾਂ ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਵਿਰੁੱਧ ਦੋਸ਼ ਲਾਏ ਗਏ ਤਾਂ ਜੋ ਜਮਹੂਰੀ ਸਿਧਾਂਤਾਂ ਲਈ ਉਨ੍ਹਾਂ ਦੇ ਸਮਰਥਨ ਨੂੰ ਦਬਾਇਆ ਜਾ ਸਕੇ।
ਸਾਬਕਾ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਵਿਅਕਤੀਗਤ ਨਹੀਂ ਹੈ ਬਲਕਿ ਜਮਹੂਰੀਅਤ ਦੇ ਵਿਆਪਕ ਮੁੱਦੇ ਨਾਲ ਜੁੜਿਆ ਹੈ, ਜਿਸ ਦੇ ਨਾ ਕੇਵਲ ਦੇਸ਼ ਲਈ ਬਲਕਿ ਖੇਤਰੀ ਤੇ ਆਲਮੀ ਸਥਿਰਤਾ ਲਈ ਵੀ ਦੂਰਰਸ ਸਿੱਟੇ ਹੋਣਗੇ।
ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਰਾਜਨੀਤਕ ਸੰਕਟ ਦੀ ਅਹਿਮੀਅਤ ਦੇ ਮੱਦੇਨਜ਼ਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੌਮਾਂਤਰੀ ਭਾਈਚਾਰੇ ਨੂੰ ਇਸ ਸੰਕਟ ਨਾਲ ਨਜਿੱਠਣ ਦੀ ਫੌਰੀ ਜ਼ਰੂਰਤ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਤਿਵਾਦ ਰੋਕੂ ਕੋਸ਼ਿਸ਼ਾਂ ਤੋਂ ਸਰੋਤਾਂ ਨੂੰ ਹਟਾ ਕੇ ਉਨ੍ਹਾਂ ਨੂੰ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਖ਼ਿਲਾਫ਼ ਸਿਆਸੀ ਬਦਲਾਖੋਰੀ ਲਈ ਵਰਤਿਆ ਜਾ ਰਿਹਾ ਹੈ।