ਭ੍ਰਿਸ਼ਟਾਚਾਰ ਮਾਮਲੇ: ਇਮਰਾਨ ਤੇ ਬੁਸ਼ਰਾ ਬੀਬੀ ਨੂੰ 14 ਤੇ 7 ਸਾਲ ਕੈਦ ਦੀ ਸਜ਼ਾ

ਭ੍ਰਿਸ਼ਟਾਚਾਰ ਮਾਮਲੇ: ਇਮਰਾਨ ਤੇ ਬੁਸ਼ਰਾ ਬੀਬੀ ਨੂੰ 14 ਤੇ 7 ਸਾਲ ਕੈਦ ਦੀ ਸਜ਼ਾ

ਇਸਲਾਮਾਬਾਦ(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 19 ਕਰੋੜ ਪੌਂਡ ਦੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ’ਚ ਦੋਸ਼ੀ ਕਰਾਰ ਦਿੰਦਿਆਂ ਦੋਵਾਂ ਨੂੰ ਕ੍ਰਮਵਾਰ 14 ਤੇ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਭ੍ਰਿਸ਼ਟਾਚਾਰ ਰੋਕੂ ਅਦਾਲਤ ਦੇ ਜੱਜ ਨਾਸਿਰ ਜਾਵੇਦ ਰਾਣਾ ਨੇ ਫ਼ੈਸਲਾ ਸੁਣਾਇਆ, ਜਿਸ ਨੂੰ ਵੱਖ ਵੱਖ ਕਾਰਨਾਂ ਕਰਕੇ ਪਹਿਲਾਂ ਤਿੰਨ ਵਾਰ ਟਾਲਿਆ ਜਾ ਚੁੱਕਾ ਸੀ। ਆਖਰੀ ਵਾਰ ਇਹ ਫ਼ੈਸਲਾ 13 ਜਨਵਰੀ ਨੂੰ ਟਾਲਿਆ ਗਿਆ ਸੀ। ਜੱਜ ਨੇ ਆਦਿਲਾ ਜੇਲ੍ਹ ’ਚ ਬਣਾਈ ਗਈ ਆਰਜ਼ੀ ਅਦਾਲਤ ’ਚ ਇਮਰਾਨ ਤੇ ਉਨ੍ਹਾਂ ਦੀ ਪਤਨੀ ਨੂੰ ਇਹ ਸਜ਼ਾ ਸੁਣਾਈ। ਜੇਲ੍ਹ ਦੀ ਸਜ਼ਾ ਤੋਂ ਇਲਾਵਾ ਖਾਨ ਨੂੰ 10 ਲੱਖ ਪਾਕਿਸਤਾਨੀ ਰੁਪਏ ਅਤੇ ਬੁਸ਼ਰਾ ਬੀਬੀ ਨੂੰ ਪੰਜ ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਖਾਨ ਨੂੰ ਛੇ ਮਹੀਨੇ ਤੇ ਬੁਸ਼ਰਾ ਬੀਬੀ ਨੂੰ ਤਿੰਨ ਮਹੀਨੇ ਦੀ ਹੋਰ ਸਜ਼ਾ ਭੁਗਤਨੀ ਪਵੇਗੀ। ਅਦਾਲਤ ਨੇ ਉਨ੍ਹਾਂ ਵੱਲੋਂ ਸਥਾਪਤ ਅਲ-ਕਾਦਿਰ ਯੂਨੀਵਰਸਿਟੀ ਦੀ ਜ਼ਮੀਨ ਜ਼ਬਤ ਕਰਨ ਦੇ ਹੁਕਮ ਵੀ ਦਿੱਤੇ ਹਨ। ਖਾਨ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹਨ ਜਦਕਿ ਬੁਸ਼ਰਾ ਨੂੰ ਅਦਾਲਤ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਉਨ੍ਹਾਂ ਦੀ ਪਾਰਟੀ ਨੇ ਕਿਹਾ, ‘ਅੱਜ ਦੇ ਫ਼ੈਸਲੇ ਨਾਲ ਨਿਆਂਪਾਲਿਕਾ ਦਾ ਅਕਸ ਖਰਾਬ ਹੋਇਆ ਹੈ। ਇਸ ਮਾਮਲੇ ’ਚ ਨਾ ਤਾਂ ਮੈਨੂੰ ਕੋਈ ਲਾਭ ਹੋਇਆ ਸੀ ਤੇ ਨਾ ਹੀ ਸਰਕਾਰ ਨੂੰ ਕੋਈ ਘਾਟਾ ਹੋਇਆ ਸੀ। ਮੈਂ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਚਾਹੁੰਦਾ ਅਤੇ ਮੈਂ ਸਾਰੇ ਮਾਮਲਿਆਂ ਦਾ ਸਾਹਮਣਾ ਕਰਾਂਗਾ।’ 

ad