ਪਾਕਿਸਤਾਨ: ਅਤਿਵਾਦ ਵਿਰੋਧੀ ਅਦਾਲਤ ਨੇ ਇਮਰਾਨ ਖਾਨ ਨੂੰ 14 ਦਿਨਾ ਨਿਆਂਇਕ ਹਿਰਾਸਤ ’ਚ ਭੇਜਿਆ

ਸੱਤ ਨਵੇਂ ਕੇਸਾਂ ਦੇ ਸਬੰਧ ਵਿੱਚ ਜਾਰੀ ਕੀਤੇ ਹੁਕਮ
ਇਸਲਾਮਾਬਾਦ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵੱਲੋਂ ਹਾਲ ਵਿੱਚ ਕੀਤੇ ਗਏ ਪ੍ਰਦਰਸ਼ਨਾਂ ਨਾਲ ਜੁੜੇ ਸੱਤ ਨਵੇਂ ਕੇਸਾਂ ਦੇ ਸਬੰਧ ਵਿੱਚ ਅਤਿਵਾਦ ਵਿਰੋਧੀ ਇਕ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਮਰਾਨ ਖਾਨ (72) ਦੀ ਪਾਰਟੀ ਵੱਲੋਂ 28 ਸਤੰਬਰ ਨੂੰ ਰਾਵਲਪਿੰਡੀ ਵਿੱਚ ਕੀਤੇ ਗਏ ਪ੍ਰਦਰਸ਼ਨ ਸਬੰਧੀ ਇਕ ਵੱਖਰੇ ਕੇਸ ਵਿੱਚ ਛੇ ਦਿਨਾਂ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਡਿਆਲਾ ਜੇਲ੍ਹ ਵਿੱਚ ਅਤਿਵਾਦ ਵਿਰੋਧੀ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਜੱਜ ਨੇ 28 ਸਤੰਬਰ ਅਤੇ 5 ਅਕਤੂਬਰ ਵਿਚਾਲੇ ਦਰਜ ਹੋਏ ਛੇ ਹੋਰ ਕੇਸਾਂ ਵਿੱਚ ਫਿਜ਼ੀਕਲ ਰਿਮਾਂਡ ਸਬੰਧੀ ਪੁਲੀਸ ਦੀ ਦਰਖ਼ਾਸਤ ਖਾਰਜ ਕਰ ਦਿੱਤੀ। ਜੱਜ ਨੇ ਆਦੇਸ਼ ਜਾਰੀ ਕੀਤਾ ਕਿ ਖਾਨ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਜਾਵੇ।
ਸਾਬਕਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਨਾਲ ਜੁੜੇ ਛੇ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਮਰਾਨ ਖਾਨ ਦੀ ਪਾਰਟੀ ਵੱਲੋਂ 28 ਸਤੰਬਰ, 4 ਅਕਤੂਬਰ ਤੇ 5 ਅਕਤੂਬਰ ਨੂੰ ਕੀਤੇ ਗਏ ਪ੍ਰਦਰਸ਼ਨਾਂ ਲਈ ਉਨ੍ਹਾਂ ਖ਼ਿਲਾਫ਼ ‘ਦਿ ਨਿਊ ਟਾਊਨ’ ਕੇਸ ਸਣੇ ਸੱਤ ਕੇਸ ਦਰਜ ਕੀਤੇ ਗਏ ਸਨ। ਪ੍ਰਦਰਸ਼ਨਾਂ ਦਾ ਹੋਕਾ ਦੇਣ ਲਈ ਖਾਨ ਖ਼ਿਲਾਫ਼ ਨਵੇਂ ਕੇਸ ਵੱਖ-ਵੱਖ ਪੁਲੀਸ ਥਾਣਿਆਂ ਵਿੱਚ ਦਰਜ ਕੀਤੇ ਗਏ ਸਨ। ਇਹ ਪ੍ਰਦਰਸ਼ਨ ਹਿੰਸਕ ਘਟਨਾਵਾਂ ਦਾ ਕਾਰਨ ਬਣ ਗਏ ਸਨ। ਖਾਨ ਦੀ ਪਾਰਟੀ ਵੱਲੋਂ ਇਸਲਾਮਾਬਾਦ ਦੇ ਰੈੱਡ ਜ਼ੋਨ ਵਿੱਚ ਸਥਿਤ ਡੀ-ਚੌਕ ਵਿੱਚ ਧਰਨਾ ਲਾਉਣ ਲਈ 24 ਨਵੰਬਰ ਨੂੰ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ। ਇੱਥੇ ਜ਼ਿਆਦਾਤਰ ਸਰਕਾਰੀ ਇਮਾਰਤਾਂ ਹਨ।