ਸ੍ਰੀਲੰਕਾ ਵੱਲੋਂ ਆਈਐੱਸ ਨਾਲ ਸਬੰਧਤ ਚਾਰ ਨਾਗਰਿਕਾਂ ਦੀ ਭਾਰਤ ਵਿੱਚ ਗ੍ਰਿਫ਼ਤਾਰੀ ਮਗਰੋਂ ਜਾਂਚ ਸ਼ੁਰੂ

ਸ੍ਰੀਲੰਕਾ ਵੱਲੋਂ ਆਈਐੱਸ ਨਾਲ ਸਬੰਧਤ ਚਾਰ ਨਾਗਰਿਕਾਂ ਦੀ ਭਾਰਤ ਵਿੱਚ ਗ੍ਰਿਫ਼ਤਾਰੀ ਮਗਰੋਂ ਜਾਂਚ ਸ਼ੁਰੂ

ਕੋਲੰਬੋ,(ਇੰਡੋ ਕਨੇਡੀਅਨ ਟਾਇਮਜ਼)ਸ੍ਰੀਲੰਕਾ ਨੇ ਪਾਬੰਦੀਸ਼ੁਦਾ ਇਸਲਾਮਿਕ ਸਟੇਟ ਨਾਲ ਸਬੰਧ ਰੱਖਣ ਵਾਲੇ ਆਪਣੇ ਚਾਰ ਨਾਗਰਿਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਚਾਰੇ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਿਸ਼ਨ ’ਤੇ ਸਨ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਐਤਵਾਰ ਨੂੰ ਕੋਲੰਬੋ ਤੋਂ ਆਏ ਸ੍ਰੀਲੰਕਾ ਦੇ ਇਨ੍ਹਾਂ ਚਾਰ ਨਾਗਰਿਕਾਂ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ।
                                                                                                                          ਭਾਰਤੀ ਪੁਲੀਸ ਅਨੁਸਾਰ ਇਹ ਚਾਰੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈਐੱਸ) ਦੇ ਇਸ਼ਾਰੇ ’ਤੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭਾਰਤ ਆਏ ਸਨ। ‘ਡੇਲੀ ਮਿਰਰ’ ਅਖਬਾਰ ਦੀ ਰਿਪੋਰਟ ਅਨੁਸਾਰ ਸ੍ਰੀਲੰਕਾ ਦੀ ਸਟੇਟ ਇੰਟੈਲੀਜੈਂਸ ਨੇ ਸ਼ੱਕੀਆਂ ਦਾ ਪਿਛੋਕੜ ਪਤਾ ਕਰਨ ਅਤੇ ਆਈਐੱਸ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕਰਨ ਲਈ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਤੋਂ ਹੋਰ ਜਾਣਕਾਰੀ ਮੰਗੀ ਹੈ। ਅਖਬਾਰ ਨੇ ਸੂਤਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਚਨਾ ਮਿਲਣ ’ਤੇ ਸ੍ਰੀਲੰਕਾ ਦੇ ਅਧਿਕਾਰੀ ਅਗਲੀ ਕਾਰਵਾਈ ਲਈ ‘ਤੁਰੰਤ ਜਾਂਚ’ ਕਰਨਗੇ। ਜਨਤਕ ਸੁਰੱਖਿਆ ਮੰਤਰੀ ਤਿਰਨ ਐਲੇਸ ਅਤੇ ਆਈਜੀਪੀ ਦੇਸ਼ਬੰਧੂ ਟੈਨਾਕੂਨ ਨੇ ਕਿਹਾ ਕਿ ਉਹ ਇਹ ਰਿਪੋਰਟਾਂ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ, ‘‘ਕਿਸੇ ਵੀ ਤਰ੍ਹਾਂ ਦੇ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਅਸੀਂ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਤਾਲਮੇਲ ਰੱਖ ਰਹੇ ਹਾਂ।’’ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਨੁਸਰਤ (35), ਮੁਹੰਮਦ ਫਾਰੂਖ (35), ਮੁਹੰਮਦ ਨਫਰਾਨ (27) ਅਤੇ ਮੁਹੰਮਦ ਰਸਦੀਨ (43) ਪਹਿਲਾਂ ਸ੍ਰੀਲੰਕਾ ਦੀ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਨੈਸ਼ਨਲ ਤੌਹੀਦ ਜਮਾਤ (ਐੱਨਜੇਟੀ) ਨਾਲ ਜੁੜੇ ਹੋਏ ਸਨ ਅਤੇ ਮਗਰੋਂ ਅਬੂ ਬਕਰ ਅਲ ਬਗਦਾਦੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਈਐੱਸ ਵਿੱਚ ਸ਼ਾਮਲ ਹੋ ਗਏ।

sant sagar