ਬਾਇਡਨ ਤੇ ਗ਼ਨੀ ਦਰਮਿਆਨ ਮੀਟਿੰਗ 25 ਨੂੰ

ਬਾਇਡਨ ਤੇ ਗ਼ਨੀ ਦਰਮਿਆਨ ਮੀਟਿੰਗ 25 ਨੂੰ

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਅਫ਼ਗਾਨਿਸਤਾਨੀ ਹਮਰੁਤਬਾ ਅਸ਼ਰਫ਼ ਗ਼ਨੀ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਦੋਵੇਂ ਆਗੂ ਇਹ ਯਕੀਨੀ ਬਣਾਉਣ ਦੇ ਢੰਗ ਬਾਰੇ ਚਰਚਾ ਕਰਨਗੇ ਕਿ ਅਫ਼ਗਾਨਿਸਤਾਨ ਨੂੰ ਅਤਿਵਾਦੀਆਂ ਦੀ ਮੁੜ ਪਨਾਹਗਾਹ ਨਾ ਬਣਨ ਦਿੱਤਾ ਜਾਵੇ। ਅਫ਼ਗਾਨਿਸਤਾਨ ’ਚੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ 11 ਸਤੰਬਰ ਤੱਕ ਵਾਪਸੀ ਤੋਂ ਪਹਿਲਾਂ ਬਾਇਡਨ ਅਤੇ ਗ਼ਨੀ ਦਰਮਿਆਨ ਆਹਮੋ-ਸਾਹਮਣੇ ਇਹ ਪਹਿਲੀ ਮੁਲਾਕਾਤ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਹੋਵੇਗੀ। ਵ੍ਹਾਈਟ ਹਾਊਸ ਪ੍ਰੈੱਸ ਸਕੱਤਰ ਜੈਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਰਾਸ਼ਟਰਪਤੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸੁਕ ਹਨ। ਮੈਨੂੰ ਉਮੀਦ ਹੈ ਕਿ ਗੱਲਬਾਤ ਦੌਰਾਨ ਇਹ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿ ਅਫ਼ਗਾਨਿਸਤਾਨ ਅਤਿਵਾਦੀਆਂ ਲਈ ਮੁੜ ਪਨਾਹਗਾਹ ਨਾ ਬਣ ਸਕੇੇ।’’ ਅਮਰੀਕੀ ਫ਼ੌਜਾਂ ਦੀ ਵਾਪਸੀ ਮਗਰੋਂ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਅਤੇ ਹੋਰ ਮਦਦ ਜਾਰੀ ਰੱਖਣ ਸਬੰਧੀ ਵੀ ਦੋਵਾਂ ਆਗੂਆਂ ਦਰਮਿਆਨ ਚਰਚਾ ਹੋਵੇਗੀ। ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੱਖਿਆ ਮੰਤਰੀ ਲਾਇਡ ਔਸਟਿਨ ਅਤੇ ਫ਼ੌਜੀ ਪ੍ਰਸ਼ਾਸਨ ਅਫ਼ਗਾਨਿਸਤਾਨ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਬਾਇਡਨ ਨੇ ਅਫ਼ਗਾਨਿਸਤਾਨ ’ਚੋਂ 11 ਸਤੰਬਰ ਤੱਕ ਅਮਰੀਕੀ ਫ਼ੌਜਾਂ ਦੀ ਵਾਪਸੀ ਦੇ ਨਿਰਦੇਸ਼ ਦਿੱਤੇ ਹਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਲੜਾਕੂਆਂ ਨੇ ਹਾਲ ਹੀ ਦੇ ਹਫ਼ਤਿਆਂ ਦੌਰਾਨ ਅਫ਼ਗਾਨਿਸਤਾਨ ਦੇ ਦਰਜਨਾਂ ਨਵੇਂ ਜ਼ਿਲ੍ਹਿਆਂ ’ਤੇ ਕਬਜ਼ਾ ਕੀਤਾ ਹੈ ਅਤੇ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ ਹੈ। ਬਾਇਡਨ ਅਤੇ ਗ਼ਨੀ ਦਰਮਿਆਨ ਉੱਚ-ਪੱਧਰੀ ਮੀਟਿੰਗ ਦੌਰਾਨ ਇਸ ਮਸਲੇ ’ਤੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ।

sant sagar