IPL 2020: ਪਿਤਾ ਹਨ ਪੰਜਾਬ ਪੁਲਸ ਚ ਡਰਾਈਵਰ, ਪੁੱਤਰ ਆਈ.ਪੀ.ਐੱਲ. ਚ ਗਰਜਣ ਨੂੰ ਤਿਆਰ

IPL 2020: ਪਿਤਾ ਹਨ ਪੰਜਾਬ ਪੁਲਸ ਚ ਡਰਾਈਵਰ, ਪੁੱਤਰ ਆਈ.ਪੀ.ਐੱਲ. ਚ ਗਰਜਣ ਨੂੰ ਤਿਆਰ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ 2020 ਦਾ ਆਗਾਜ਼ 19 ਸਤੰਬਰ ਤੋਂ ਹੋ ਰਿਹਾ ਹੈ ਅਤੇ ਇਸ ਟੂਰਨਾਮੈਂਟ ਵਿਚ ਹਮੇਸ਼ਾ ਦੀ ਤਰ੍ਹਾਂ ਕੁੱਝ ਅਜਿਹੇ ਕ੍ਰਿਕਟਰ ਦੇਖਣ ਨੂੰ ਮਿਲਣਗੇ, ਜੋ ਹਨ ਤਾਂ ਬੇਹੱਦ ਪ੍ਰਤਿਭਾਸ਼ਾਲੀ ਪਰ ਲੋਕ ਉਨ੍ਹਾਂ ਦੇ ਹੁਨਰ ਤੋਂ ਵਾਕਿਫ ਨਹੀਂ ਹਨ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਵੀ ਇਕ ਅਜਿਹਾ ਹੀ ਕ੍ਰਿਕਟਰ ਹੈ, ਜੋ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਵਿਚ ਆਪਣਾ ਦਮ ਵਿਖਾਉਣ ਲਈ ਤਿਆਰ ਹੈ। ਅਸੀਂ ਗੱਲ ਕਰ ਰਹੇ ਹਾਂ ਹਰਪ੍ਰੀਤ ਬਰਾੜ ਦੀ, ਜੋ ਸਾਲ 2019 ਵਿਚ ਹੋਏ ਆਈ.ਪੀ.ਐੱਲ. ਵਿਚ ਪੰਜਾਬ ਲਈ 2 ਮੈਚ ਵੀ ਖੇਡ ਚੁੱਕੇ ਹਨ। ਹਰਪ੍ਰੀਤ ਬਰਾੜ ਪੰਜਾਬ ਦੇ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਹਨ। ਸਾਲ 2019 ਆਈ.ਪੀ.ਐੱਲ. ਲਈ ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 20 ਲੱਖ ਰੁਪਏ ਵਿਚ ਖ਼ਰੀਦਿਆ ਸੀ। ਹਰਪ੍ਰੀਤ ਬਰਾਰ ਨੇ ਹੁਣ ਤੱਕ ਪੰਜਾਬ ਲਈ ਫਰਸਟ ਕਲਾਸ ਕ੍ਰਿਕਟ ਨਹੀਂ ਖੇਡਿਆ ਹੈ ਪਰ ਉਹ ਇਕ ਲਿਸਟ ਏ ਮੈਚ ਅਤੇ 11 ਟੀ20 ਮੈਚ ਜ਼ਰੂਰ ਖੇਡੇ ਹਨ। ਪਿਛਲੇ ਸਾਲ ਸੈਯਦ ਮੁਸ਼ਤਾਕ ਅਲੀ ਟਰਾਫੀ ਵਿਚ ਬਰਾਰ ਨੇ ਪੰਜਾਬ ਲਈ ਟੂਰਨਾਮੈਂਟ ਵਿਚ 9 ਵਿਕਟਾਂ ਲਈਆਂ ਸਨ।
ਹਰਪ੍ਰੀਤ ਬਰਾੜ ਦਾ ਕਰੀਅਰ ਬੇਹੱਦ ਮੁਸ਼ਕਲਾਂ ਨਾਲ ਭਰਿਆ ਰਿਹਾ। ਇਸ ਖੱਬੇ ਹੱਥ ਦੇ ਸਪਿਨਰ ਨੇ ਪੰਜਾਬ ਦੀ ਟੀਮ ਵਿਚ ਆਉਣ ਲਈ ਕਈ ਯਤਨ ਕੀਤੇ। ਕਈ ਮੈਚ ਵਿਨਿੰਗ ਪਰਫਾਰਮੈਂਸ ਦਿੱਤੀਆਂ ਪਰ ਕਿਸਮਤ ਨੇ ਹਰਪ੍ਰੀਤ ਦਾ ਸਾਥ ਨਹੀਂ ਦਿੱਤਾ। ਪੰਜਾਬ ਦੀ ਟੀਮ ਵਿਚ ਮੌਕਾ ਨਾ ਮਿਲਿਆ ਤਾਂ ਹਰਪ੍ਰੀਤ ਨੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਲਈ 4 ਵਾਰ ਟ੍ਰਾਇਲ ਦਿੱਤਾ ਅਤੇ ਇਕ ਵੀ ਵਾਰ ਉਨ੍ਹਾਂ ਦੀ ਚੋਣ ਨਹੀਂ ਹੋਈ। ਹਰਪ੍ਰੀਤ ਬਰਾੜ ਇਕ ਮਿਡਲ ਕਲਾਸ ਪਰਿਵਾਰ ਤੋਂ ਹਨ ਤਾਂ ਉਨ੍ਹਾਂ 'ਤੇ ਨੌਕਰੀ ਦਾ ਦਬਾਅ ਵਧਿਆ। ਬਰਾੜ ਦੇ ਪਿਤਾ ਪੰਜਾਬ ਪੁਲਸ ਵਿਚ ਡਰਾਈਵਰ ਹਨ ਅਤੇ ਲਗਾਤਾਰ ਅਸਫ਼ਲਤਾ ਦੇ ਬਾਅਦ ਹਰਪ੍ਰੀਤ ਨੂੰ ਲੱਗਣ ਲੱਗਾ ਕਿ ਉਨ੍ਹਾਂ ਦਾ ਕ੍ਰਿਕਟ ਵਿਚ ਕੁੱਝ ਨਹੀਂ ਹੋਣ ਵਾਲਾ, ਜਿਸ ਤੋਂ ਬਾਅਦ ਉਸ ਨੇ ਪੜ੍ਹਾਈ ਲਈ ਕੈਨੇਡਾ ਜਾਣ ਦਾ ਫ਼ੈਸਲਾ ਕਰ ਲਿਆ ਪਰ ਆਖ਼ਰੀ ਸਮੇਂ ਵਿਚ ਹਰਪ੍ਰੀਤ ਬਰਾੜ ਨੂੰ ਸਾਲ 2019 ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਚੁਣ ਲਿਆ। ਹਰਪ੍ਰੀਤ ਬਰਾੜ ਨੇ ਕਿੰਗਸ ਇਲੇਵਨ ਪੰਜਾਬ ਲਈ ਆਈ.ਪੀ.ਐੱਲ. ਦੇ 12ਵੇਂ ਸੀਜ਼ਨ ਵਿਚ 2 ਮੈਚ ਖੇਡੇ। ਦੋਵਾਂ ਮੈਚਾਂ ਵਿਚ ਉਨ੍ਹਾਂ ਨੂੰ ਇਕ ਵੀ ਵਿਕਟ ਨਹੀਂ ਮਿਲੀ ਪਰ ਉਨ੍ਹਾਂ ਦੇ ਅੰਦਰ ਪ੍ਰਤਿਭਾ ਦੀ ਕਮੀ ਨਹੀਂ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਕਿੰਗਜ਼ ਇਲੈਵਨ ਪੰਜਾਬ ਨੇ ਇਸ ਸੀਜ਼ਨ ਵਿਚ ਵੀ ਉਨ੍ਹਾਂ 'ਤੇ ਭਰੋਸਾ ਜਤਾਇਆ ਹੈ।