ਮੰਗੋਲੀਆ: ਜੰਗੀ ਮਸ਼ਕਾਂ ਵਿੱਚ ਹਿੱਸਾ ਲਵੇਗੀ ਭਾਰਤੀ ਫੌਜ

ਨਵੀਂ ਦਿੱਲੀ, (ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਫੌਜ ਮੰਗੋਲੀਆ ਵਿੱਚ 27 ਜੁਲਾਈ ਤੋਂ 9 ਅਗਸਤ ਤੱਕ ਕਰਵਾਏ ਜਾਣ ਵਾਲੇ ‘ਖਾਨ ਕੁਐਸਟ’ ਵਿੱਚ ਹਿੱਸਾ ਲੈਂਦਿਆਂ ਜੰਗੀ ਮਸ਼ਕਾਂ ਕਰੇਗੀ। ਇਹ ਸਮਾਗਮ ਵਿਸ਼ਵ ਭਰ ਦੀਆਂ ਹਥਿਆਰਬੰਦ ਸੈਨਾਵਾਂ ਨਾਲ ਸਹਿਯੋਗ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸ਼ਾਂਤੀ ਬਣਾਈ ਰੱਖਣ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਵੀ ਲਾਹੇਵੰਦ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤੀ ਫੌਜ ਦੀ ਟੁਕੜੀ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਮੰਗੋਲੀਆ ਦੀ ਰਾਜਧਾਨੀ ਉਲਨਬਾਤਰ ਪੁੱਜ ਗਈ ਹੈ ਜਿਸ ਵਿਚ ਇੱਕ ਮਹਿਲਾ ਅਧਿਕਾਰੀ ਅਤੇ ਦੋ ਮਹਿਲਾ ਸਿਪਾਹੀਆਂ ਸਣੇ 40 ਜਵਾਨ ਸ਼ਾਮਲ ਹਨ। ਭਾਰਤੀ ਫੌਜ ਦੀ ਅਗਵਾਈ ਮਦਰਾਸ ਰੈਜੀਮੈਂਟ ਦੀ ਬਟਾਲੀਅਨ ਵੱਲੋਂ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਇਹ ਸਮਾਗਮ ਪਿਛਲੀ ਵਾਰ ਮੰਗੋਲੀਆ ਵਿੱਚ ਪਿਛਲੇ ਸਾਲ 19 ਜੂਨ ਤੋਂ 2 ਜੁਲਾਈ ਤਕ ਕਰਵਾਇਆ ਗਿਆ ਸੀ।