ਭਾਰਤ ਨਾਲ ਵਧੀਆ ਸਬੰਧ ਕਾਇਮ ਰੱਖਣ ਪ੍ਰਤੀ ਅਮਰੀਕਾ ਆਸਵੰਦ: ਵ੍ਹਾਈਟ ਹਾਊਸ
.jpg)
ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼)- ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਭਾਰਤ ਨਾਲ ਆਪਣੀ ਅਹਿਮ ਭਾਈਵਾਲੀ ਹੋਰ ਅੱਗੇ ਵਧਾਉਣ ਲਈ ਆਸਵੰਦ ਹੈ ਅਤੇ ਉਹ ਹਿੰਦ-ਪ੍ਰਸ਼ਾਂਤ ਖ਼ਿੱਤੇ ਨੂੰ ਹੋਰ ਖੁਸ਼ਹਾਲ ਤੇ ਸੁਰੱਖਿਅਤ ਬਣਾਉਣਾ ਚਾਹੁੰਦਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਯਾਂ ਪੀਅਰੇ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਦੇ ਬਾਕੀ ਰਹਿੰਦੇ ਛੇ ਮਹੀਨਿਆਂ ਦੀਆਂ ਤਰਜੀਹਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਇਹ ਗੱਲ ਆਖੀ। ਪੀਅਰੇ ਨੇ ਕਿਹਾ, ‘‘ਰਾਸ਼ਟਰਪਤੀ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਦੁਨੀਆ ’ਚ ਸਭ ਤੋਂ ਅਹਿਮ ਸਬੰਧਾਂ ’ਚੋਂ ਇਕ ਮੰਨਦੇ ਹਨ। ਅਸੀਂ ਆਪਣੀਆਂ ਸਭ ਤੋਂ ਅਹਿਮ ਤਰਜੀਹਾਂ ’ਤੇ ਭਾਰਤ ਨਾਲ ਮਿਲ ਕੇ ਕੰਮ ਕਰਦੇ ਹਾਂ ਜਿਨ੍ਹਾਂ ’ਚ ਕੁਆਡ ਅਤੇ ਉਭਰਦੀਆਂ ਤਕਨਾਲੋਜੀਆਂ ਬਾਰੇ ਅਮਰੀਕਾ-ਭਾਰਤ ਪਹਿਲ ਸ਼ਾਮਲ ਹਨ।’’ ਅਗਲੇ 90 ਦਿਨਾਂ ’ਚ ਭਾਰਤ ਅਤੇ ਅਮਰੀਕਾ ਵਿਚਕਾਰ ਕੁਝ ਉੱਚ ਪੱਧਰੀ ਕੂਟਨੀਤਕ ਮੀਟਿੰਗਾਂ ਹੋਣ ਦੀ ਉਮੀਦ ਹੈ ਜਿਨ੍ਹਾਂ ’ਚ ਦੋਵੇਂ ਧਿਰਾਂ ਦੇ ਕੈਬਨਿਟ ਪੱਧਰ ਦੇ ਅਧਿਕਾਰੀਆਂ ਦੇ ਦੌਰੇ ਵੀ ਸ਼ਾਮਲ ਹਨ। ਪਿਛਲੇ ਸਾਲ ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਦੀ ਇਤਿਹਾਸਕ ਯਾਤਰਾ ਅਤੇ ਉਸ ਮਗਰੋਂ ਪਿਛਲੇ ਸਤੰਬਰ ’ਚ ਜੀ-20 ਸਿਖਰ ਸੰਮੇਲਨ ਲਈ ਬਾਇਡਨ ਦੀ ਭਾਰਤ ਯਾਤਰਾ ਮਗਰੋਂ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਬਿਹਤਰ ਹੋਏ ਹਨ।