ਇਮਰਾਨ ਖ਼ਾਨ ਵੱਲੋਂ ਪੌਲੀਗ੍ਰਾਫ਼ ਟੈਸਟ ਕਰਵਾਉਣ ਤੋਂ ਇਨਕਾਰ

ਲਾਹੌਰ, (ਇੰਡੋ ਕਨੇਡੀਅਨ ਟਾਇਮਜ਼)- ਅਡਿਆਲਾ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਛਲੇ ਸਾਲ ਭੜਕੀ ਹਿੰਸਾ ਸਬੰਧੀ ਦਰਜ ਇੱਕ ਦਰਜਨ ਤੋਂ ਵੱਧ ਕੇਸਾਂ ਵਿੱਚ ਆਪਣੇ ਪੌਲੀਗ੍ਰਾਫ ਟੈਸਟ ਅਤੇ ਆਵਾਜ਼ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਪੀਟੀਆਈ ਦੇ ਸੰਸਥਾਪਕ ਨੇ 15 ਮਿੰਟ ਤੱਕ ਪੁਲੀਸ ਦੇ ਸਵਾਲਾਂ ਦੇ ਜਵਾਬ ਦਿੱਤੇ।
ਬਾਰਾਂ ਮੈਂਬਰੀ ਫੋਰੈਂਸਿਕ ਟੀਮ ਕ੍ਰਿਕਟਰ ਤੋਂ ਸਿਆਸਤਦਾਨ ਬਣੇ 71 ਸਾਲਾ ਇਮਰਾਨ ਦਾ ਪੌਲੀਗ੍ਰਾਫ ਟੈਸਟ ਲੈਣ ਲਈ ਮੰਗਲਵਾਰ ਨੂੰ ਜੇਲ੍ਹ ਪੁੱਜੀ ਸੀ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇਮਰਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪਿਛਲੇ ਸਾਲ 9 ਮਈ ਨੂੰ ਦੇਸ਼ ਵਿੱਚ ਹਿੰਸਾ ਭੜਕ ਗਈ ਸੀ। ਸਾਬਕਾ ਪ੍ਰਧਾਨ ਮੰਤਰੀ 200 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿੱਚ ਬੰਦ ਹਨ। ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ, ਡੀਐੱਸਪੀ ਦੀ ਅਗਵਾਈ ਵਾਲੀ ਲਾਹੌਰ ਪੁਲੀਸ ਟੀਮ ਟੈਸਟ ਲੈਣ ਲਈ ਜੇਲ੍ਹ ਵਿੱਚ ਪੁੱਜ ਗਈ। ਪੰਜਾਬ ਫੋਰੈਂਸਿਕ ਸਾਇੰਸ ਏਜੰਸੀ (ਪੀਐੱਫਐੱਸਏ) ਦੇ ਮਾਹਿਰ ਵੀ ਉਨ੍ਹਾਂ ਨਾਲ ਸਨ। ‘ਨੇਸ਼ਨ’ ਅਖਬਾਰ ਦੀ ਰਿਪੋਰਟ ਮੁਤਾਬਕ, ਪੀਟੀਆਈ ਦੇ ਸੰਸਥਾਪਕ ਨੇ 15 ਮਿੰਟ ਤੱਕ ਪੁਲੀਸ ਦੇ ਸਵਾਲਾਂ ਦੇ ਜਵਾਬ ਦਿੱਤੇ। ਹਾਲਾਂਕਿ, ਇਮਰਾਨ ਨੇ ਯੋਜਨਾਬੱਧ ਪੌਲੀਗ੍ਰਾਫ ਅਤੇ ਹੋਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ।