ਡੋਨਾਲਡ ਟਰੰਪ ਬਣੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ
.jpg)
ਅਮਰੀਕਾ ਦੁਨੀਆਂ ਦਾ ਸ਼ਕਤੀਸ਼ਾਲੀ ਦੇਸ਼ ਹੈ। ਇਸ ਦੇਸ਼ ਦੀ ਰਾਸ਼ਟਰਪਤੀ ਚੋਣ ਹਮੇਸ਼ਾ ਹੀ ਬਹੁਤ ਹੀ ਚਰਚਿਤ ਹੁੰਦੀ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਅਮਰੀਕਾ ਨਾਲ ਕਿਸੇ ਨਾ ਕਿਸੇ ਤਰਾਂ ਹਿਤ ਹੁੰਦੇ ਹਨ ਇਸ ਲਈ ਇੱਥੋਂ ਦੇ ਰਾਸ਼ਟਰਪਤੀ ਵਲੋਂ ਲਏ ਜਾਣ ਵਾਲੇ ਫੈਸਲੇ ਕਿਸੇ ਵੀ ਦੇਸ਼ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਵਾਰ ਦੀ ਚੋਣ ਬਹੁਤ ਹੀ ਫਸਵੀਂ ਟੱਕਰ ਵਾਲੀ ਚੋਣ ਮੰਨੀ ਜਾਂਦੀ ਸੀ ਪਰ ਵਿਵਾਦਾਂ ਅਤੇ ਕੋਰਟ ਕਚਿਹਰੀ ਦੇ ਕੇਸਾਂ ਵਿਚ ਉਲਝੇ ਡੋਨਾਲਡ ਟਰੰਪ ਨੇ ਇਕਪਾਸੜ ਮੁਕਾਬਲਾ ਜਿੱਤਦਿਆਂ ਆਪਣੀ ਮੁੱਖ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਦਿੱਤਾ। ਉਸ ਵਲੋਂ ਚੋਣ ਜਿੱਤਣ ਤੋਂ ਪਹਿਲਾਂ ਦਿੱਤੇ ਗਏ ਬਿਆਨਾਂ ਨੇ ਦੁਨੀਆਂ ਦੇ ਕਈ ਦੇਸਾਂ ਨੂੰ ਕੰਬਣ ਲਾ ਦਿੱਤਾ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਉਸਨੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ। ਉਹਨੇ ਕਨੇਡਾ, ਮੈਕਸੀਕੋ ਅਤੇ ਚਾਈਨਾਂ ਨੂੰ ਨਿਸ਼ਾਨੇ ਉੱਤੇ ਲੈਂਦੇ ਹੋਏ ਕਈ ਤਰਾਂ ਦੇ ਬਿਆਨ ਦੇ ਦਿੱਤੇ ਹਨ। ਉਸਨੇ ਕਿਹਾ ਕਿ ਜੇਕਰ ਇਹ ਤਿੰਨੇ ਦੇਸ਼ਾਂ ਨੇ ਅਮਰੀਕਾ ਅੰਦਰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ਾ ਤਸਕਰੀ ਬੰਦ ਕਰਨ ਵਿਚ ਸਹਿਯੋਗ ਨਾਲ ਕੀਤਾ ਤਾਂ ਉਹ ਉੱਤੇ ਟੈਰਿਫ ਵਿਚ ਬੇਤਹਾਸ਼ਾ ਵਾਧਾ ਕਰ ਦੇਵੇਗਾ। ਇਸ ਧਮਕੀ ਦਾ ਤੋਂ ਵੱਧ ਅਸਰ ਕਨੇਡਾ ਉੱਤੇ ਹੋਇਆ। ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤੱਤਭਲੱਥੇ ਵਿਚ ਡੋਨਾਲਡ ਟਰੰਪ ਨਾਲ ਅਮਰੀਕਾ ਜਾ ਕੇ ਮੁਲਾਕਾਤ ਵੀ ਕੀਤੀ ਪਰ ਟਰੰਪ ਨੇ ਪੈਰਾਂ ਉੱਤੇ ਪਾਣੀ ਨਾ ਪੈਣ ਦਿੱਤਾ ਸਗੋਂ ਅੱਗਿਓਂ ਇਕ ਹੋਰ ਘਤਿੱਤ ਕੱਢ ਦਿੱਤੀ ਕਿ ਅਖੇ! ਜੇਕਰ ਕਨੇਡਾ ਨੂੰ ਅਮਰੀਕਾ ਦਾ 51 ਸੂਬਾ ਬਣਾ ਦਿਓਗੇ ਤਾਂ ਤੁਸੀਂ (ਜਸਟਿਨ ਟਰੂਡੋ) ਉਸਦੇ ਗਵਰਨਰ ਬਣ ਸਕਦੇ ਹੋ। ਟਰੂਡੋ ਨੇ ਟਰੰਪ ਦੀ ਇਸ ਗੱਲ ਨੂੰ ਹਲਕੇ ਵਿਚ ਲਿਆ ਅਤੇ ਬਹੁਤੀ ਨਰਾਜ਼ਗੀ ਨਹੀਂ ਕੀਤੀ। ਪਰ ਡੋਨਾਲਡ ਟਰੰਪ ਨੇ ਇਸ ਦੀ ਰਟ ਹੀ ਲਾ ਲਈ ਤਾਂ ਕਨੇਡਾ ਦੇ ਐੱਮ.ਪੀਜ਼ ਨੇ ਟਰੰਪ ਨੂੰ ਸੁਨੇਹਾ ਦਿੱਤਾ ਕਿ ਕਨੇਡਾ ਕੋਈ ਵਿਕਾਊ ਮੁਲਕ ਨਹੀਂ ਹੈ। ਪਹਿਲਾਂ ਪਹਿਲ ਤਾਂ ਸਭ ਨੇ ਹਲਕੇ ਵਿਚ ਲਿਆ ਪਰ ਜਦੋਂ ਟਰੰਪ ਨੇ ਵਾਰ ਵਾਰ ਇਹ ਹਿਮਾਕਤ ਕੀਤੀ ਤਾਂ ਹੁਣ ਅੱਗਿਓਂ ਵੀ ਜਵਾਬ ਆਉਣੇ ਸ਼ੁਰੂ ਹੋ ਗਏ ਹਨ।
ਟਰੰਪ ਦੇ ਗੱਦੀ ਉੱਤੇ ਬੈਠਣ ਤੋਂ ਪਹਿਲਾਂ ਹੀ ਤੇਵਰ ਬਹੁਤ ਸਖਤ ਦਿਖਾਈ ਦੇ ਰਹੇ ਸਨ। ਉਸਨੇ ਆਪਣੀ ਚੋਣ ਦੌਰਾਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ਾ ਤਸਕਰੀ ਦੇ ਮੁੱਦਿਆਂ ਨੂੰ ਆਪਣੀ ਚੋਣ ਮੁਹਿੰਮ ਵਿਚ ਸ਼ਾਮਿਲ ਕੀਤਾ ਸੀ ਜਿਸਦਾ ਦੇਸ਼ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਉਸਨੂੰ ਜਿਤਾ ਦਿੱਤਾ। ਹੁਣ ਉਹ ਦੂਜੀ ਵਾਰ ਰਾਸ਼ਟਰਪਤੀ ਦੀ ਸੀਟ ’ਤੇ ਬੈਠਣਗੇ। ਪੂਰੀ ਦੁਨੀਆਂ ਇਸ ਵੇਲੇ ਘਬਰਾਈ ਹੋਈ ਹੈ ਕਿ ਚਾਰਜ ਸੰਭਾਲਦੇ ਹੀ ਪਤਾ ਨਹੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੋਰ ਕੀ ਨਵਾਂ ਸੱਪ ਕੱਢ ਦੇਣ। ਅਸੀਂ ਸਭ ਜਾਣਦੇ ਹਾਂ ਕਿ ਡੋਨਾਲਡ ਟਰੰਪ ਫੈਸਲੇ ਲੈਣ ਲੱਗੇ ਬਹੁਤਾ ਕੁਝ ਨਹੀਂ ਸੋਚਦੇ ਵਿਚਾਰਦੇ। ਇਹੀ ਕਾਰਨ ਹੈ ਕਿ ਜਿਨਾਂ ਦੇਸ਼ਾਂ ਦਾ ਅਮਰੀਕਾ ਨਾਲ ਵਿਵਹਾਰ ਵਧੀਆ ਹੈ, ਉਹ ਵੀ ਡਰੇ ਹੋਏ ਹਨ ਕਿ ਪਤਾ ਨਹੀਂ ਟਰੰਪ ਕਿਹੜਾ ਨਵਾਂ ਕਾਨੂੰਨ ਲਿਆ ਦੇਣਾ ਹੈ? ਟਰੰਪ ਬਹੁਤ ਹੀ ਔਖੇ ਪੈਂਡੇ ਸਰ ਕਰਦਾ ਹੋਇਆ ਦੂਜੀ ਵਾਰ ਰਾਸ਼ਟਰਪਤੀਦੀ ਕੁਰਸੀ ਉੱਤੇ ਬਿਰਾਜਮਾਨ ਹੋਣ ਜਾ ਰਿਹਾ ਹੈ। ਇਸ ਲਈ ਸਭ ਦੀਆਂ ਨਜ਼ਰਾਂ ਹੁਣ ਇਸ ਗੱਲ ਉੱਤੇ ਹੀ ਟਿਕੀਆਂ ਹੋਈਆਂ ਹਨ ਕਿ ਉਹ ਆਉਣ ਵਾਲੇ ਸਮੇਂ ’ਚ ਕੀ ਫੈਸਲੇ ਲਵੇਗਾ।
ਜੇਕਰ ਟਰੰਪ ਆਪਣਾ ਹਮਲਾਵਰ ਰੁਖ ਅਪਣਾਈ ਰੱਖਦੇ ਹਨ ਅਤੇ ਕਨੇਡਾ, ਮੈਕਸੀਕੋ ਅਤੇ ਚਾਈਨਾ ਨੂੰ ਬਹੁਤਾ ਮੂੰਹ ਨਹੀਂ ਲਾਉਂਦੇ ਤਾਂ ਦੁਨੀਆਂ ਵਿਚ ਅਮਰੀਕਾ ਵਿਰੋਧੀ ਧੜਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਜਾਵੇਗਾ। ਇਹਨਾਂ ਮੁਲਕਾਂ ਨੂੰ ਕਨੇਡਾ, ਮੈਕਸੀਕੋ ਦੋਵਾਂ ਵਿਚੋਂ ਕਿਸੇ ਇਕ ਨੂੰ ਦੇਸ਼ ਨੂੰ ਅਮਰੀਕਾ ਵਿਰੋਧੀ ਪਲੇਟਫਾਰਮ ਵਜੋਂ ਵਰਤਣ ਲਈ ਰਣਨੀਤੀ ਤਿਆਰ ਕੀਤੀ ਜਾਣ ਲੱਗੇਗੀ। ਜੋ ਹਾਲਾਤ ਯੂਕਰੇਨ ਅਤੇ ਰਸ਼ੀਆ ਦੇ ਬਣੇ ਹੋਏ ਹਨ, ਇਹ ਵੀ ਹੋ ਸਕਦਾ ਹੈ ਕਿ ਇਹ ਅੱਗੇ ਅਮਰੀਕਾ, ਕਨੇਡਾ ਅਤੇ ਮੈਕਸੀਕੋ ਅੰਦਰ ਵੀ ਡਿੱਗ ਪਵੇ। ਡੋਨਾਲਡ ਟਰੰਪ ਨੂੰ ਆਵਾਮ ਨੇ ਚੁਣਿਆ ਹੈ, ਜੇਕਰ ਉਹ ਲੋਕ ਪੱਖੀ ਫੈਸਲੇ ਲੈਣਗੇ ਤਾਂ ਅਮਰੀਕਾ ਦੇ ਲੋਕ ਉਹਨਾਂ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਜੇਕਰ ਉਹ ਮਨਮਰਜ਼ੀ ਕਰਨਗੇ ਤਾਂ ਉਹਨਾਂ ਦੀ ਹੋਂਦ ਬਹੁਤਾ ਚਿਰ ਟਿਕੀ ਨਹੀਂ ਰਹੇਗੀ। ਅਸੀਂ ਨਵੇਂ ਰਾਸਟਰਪਤੀ ਡੋਨਾਲਡ ਟਰੰਪ ਨੂੰ ਅਹੁਦਾ ਸੰਭਾਲਣ ਈ ਵਧਾਈ ਦਿੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਉਹ ਵਾਕਿਆ ਹੀ ‘ਮੇਕ ਅਮੈਰਿਕਾ ਗ੍ਰੇਟ ਅਗੇਨ’ ਦੇ ਕਹਾਣ ਉੱਤੇ ਪੂਰਾ ਉਤਰਨਗੇ ਅਤੇ ਵੈਰ ਵਿਰੋਧ, ਸ਼ੈਤਾਨੀਆਂ, ਡਰਾਵੇ ਛੱਡ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਗੇ। ਆਮੀਨ!