ਜਡੇਜਾ ਵੱਲੋਂ ਵੀ ਟੀ-20 ਕ੍ਰਿਕਟ ਨੂੰ ਅਲਵਿਦਾ

ਜਡੇਜਾ ਵੱਲੋਂ ਵੀ ਟੀ-20 ਕ੍ਰਿਕਟ ਨੂੰ ਅਲਵਿਦਾ

ਬ੍ਰਿਜਟਾਊਨ,(ਇੰਡੋਂ ਕਨੇਡੀਅਨ ਟਾਇਮਜ਼)- ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਾਂਗ ਭਾਰਤ ਦੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੇ ਵੀ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਦੁਨੀਆ ਦੇ ਸਰਬੋਤਮ ਫੀਲਡਰਾਂ ’ਚੋਂ ਇਕ ਮੰਨੇ ਜਾਂਦੇ ਜਡੇਜਾ ਨੇ ਕਿਹਾ ਕਿ ਉਹ ਟੈਸਟ ਅਤੇ ਇੱਕ ਰੋਜ਼ਾ ਮੈਚ ਖੇਡਣੇ ਜਾਰੀ ਰੱਖੇਗਾ। 35 ਸਾਲਾ ਜਡੇਜਾ ਨੇ ਟੀ-20 ਵਿਸ਼ਵ ਕੱਪ ਟਰਾਫੀ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਲਿਖਿਆ, ‘‘ਮੈਂ ਟੀ-20 ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ ਹਾਂ। ਮੈਂ ਖੇਡ ਮੈਦਾਨ ਵਿੱਚ ਹਮੇਸ਼ਾ ਦੇਸ਼ ਲਈ ਪੂਰੀ ਵਾਹ ਲਾਈ ਹੈ। ਕ੍ਰਿਕਟ ਦੀਆਂ ਬਾਕੀ ਵੰਨਗੀਆਂ ’ਚ ਮੈਂ ਅਜਿਹਾ ਭਵਿੱਖ ਵਿੱਚ ਵੀ ਕਰਦਾ ਰਹਾਂਗਾ।’’ ਉਸ ਨੇ ਕਿਹਾ, ‘‘ਟੀ-20 ਵਿਸ਼ਵ ਕੱਪ ਜਿੱਤਣਾ ਇਕ ਸੁਫ਼ਨਾ ਸਾਕਾਰ ਹੋਣ ਵਰਗਾ ਸੀ। ਇਹ ਮੇਰੇ ਟੀ-20 ਕੌਮਾਂਤਰੀ ਕ੍ਰਿਕਟ ਦਾ ਸਿਖਰ ਹੈ। ਯਾਦਾਂ, ਉਤਸ਼ਾਹ ਅਤੇ ਸਮਰਥਨ ਲਈ ਧੰਨਵਾਦ। ਜੈ ਹਿੰਦ।’’

6 ਦਸੰਬਰ 1988 ਨੂੰ ਗੁਜਰਾਤ ਦੇ ਜਾਮਨਗਰ ਵਿੱਚ ਜਨਮੇ ਜਡੇਜਾ ਨੇ 2009 ਵਿੱਚ ਸ੍ਰੀਲੰਕਾ ਖ਼ਿਲਾਫ਼ ਟੀ-20 ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ 74 ਟੀ-20 ਮੈਚਾਂ ’ਚ 515 ਦੌੜਾਂ ਬਣਾਈਆਂ ਜਦਕਿ 54 ਵਿਕਟਾਂ ਲਈਆਂ ਹਨ। ਜਡੇਜਾ ਭਾਰਤ ਲਈ ਛੇ ਟੀ-20 ਵਿਸ਼ਵ ਕੱਪਾਂ ਦਾ ਹਿੱਸਾ ਰਹਿ ਚੁੱਕਾ ਹੈ। ਟੀ-20 ਵਿੱਚ ਉਹ 2008 ’ਚ ਰਾਜਸਥਾਨ ਰੌਇਲਜ਼ ਦੀ ਇਤਿਹਾਸਕ ਆਈਪੀਐੱਲ ਜਿੱਤ ਨਾਲ ਚਰਚਾ ਵਿੱਚ ਆਇਆ ਸੀ। ਉਸ ਨੇ ਹਰਫਨਮੌਲਾ ਖਿਡਾਰੀ ਵਜੋਂ ਇਸ ਜਿੱਤ ਵਿੱਚ ਬੱਲੇ ਅਤੇ ਗੇਂਦ ਦੋਵਾਂ ਨਾਲ ਅਹਿਮ ਯੋਗਦਾਨ ਪਾਇਆ ਸੀ ਜਿਸ ਮਗਰੋਂ ਮਰਹੂਮ ਸ਼ੇਨ ਵਾਰਨ ਨੇ ਉਸ ਦਾ ਨਾਂ ‘ਰਾਕਸਟਾਰ’ ਰੱਖ ਦਿੱਤਾ। ਬਾਅਦ ਵਿੱਚ ਚੇਨੱਈ ਸੁਪਰ ਕਿੰਗਜ਼ (ਸੀਐੱਸਕੇ) ਨੇ 2012 ਵਿੱਚ ਜਡੇਜਾ ਨੂੰ ਲਗਪਗ 9.8 ਕਰੋੜ ਰੁਪਏ ਵਿੱਚ ਖਰੀਦਿਆ ਤੇ ਉਹ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਫਿਰ ਉਸ ਨੇ ਸੀਐੱਸਕੇ ਨਾਲ ਤਿੰਨ ਹੋਰ ਆਈਪੀਐੱਲ ਖਿਤਾਬ ਜਿੱਤੇ। -ਪੀਟੀਆਈ

ad