ਕੈਨੇਡਾ: ਮੁਲਾਜ਼ਮਾਂ ਦੀ ਹੜਤਾਲ ਕਾਰਨ 400 ਤੋਂ ਵੱਧ ਉਡਾਣਾਂ ਰੱਦ
.jpg)
ਟੋਰਾਂਟੋ,(ਇੰਡੋਂ ਕਨੇਡੀਅਨ ਟਾਇਮਜ਼)- ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ‘ਵੈਸਟਜੈੱਟ’ ਨੇ ਸਾਂਭ-ਸੰਭਾਲ ਮੁਲਾਜ਼ਮ ਐਸੋਸੀਏਸ਼ਨ ਦੀ ਹੜਤਾਲ ਦੇ ਐਲਾਨ ਮਗਰੋਂ 407 ਉਡਾਣਾਂ ਰੱਦ ਕਰ ਦਿੱਤੀਆਂ ਜਿਸ ਕਾਰਨ 49 ਹਜ਼ਾਰ ਮੁਸਾਫਰ ਪ੍ਰਭਾਵਿਤ ਹੋਏ। ‘ਏਅਰਕ੍ਰਾਫਟ ਮਕੈਨਿਕਸ ਫਰੈਟਰਨਲ ਐਸੋਸੀਏਸ਼ਨ’ ਨੇ ਕਿਹਾ ਕਿ ਹਵਾਈ ਕੰਪਨੀ ਵੱਲੋਂ ਐਸੋਸੀਏਸ਼ਨ ਨਾਲ ਗੱਲਬਾਤ ’ਚ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਉਸ ਦੇ ਮੈਂਬਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ। ਇਸ ਹੜਤਾਲ ਕਾਰਨ ਕੌਮਾਂਤਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਵੈਸਟਜੈੱਟ ਨੇ 407 ਉਡਾਣਾਂ ਰੱਦ ਦਾ ਐਲਾਨ ਕੀਤਾ ਹੈ। ਵੈਸਟਜੈੱਟ ਦੇ ਸੀਈਓ ਨੇ ਇਸ ਸਥਿਤੀ ਲਈ ‘ਕੈਨੇਡਾ ’ਚ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਅਮਰੀਕਾ ਦੀ ਇੱਕ ਜਥੇਬੰਦੀ ਨੂੰ ਦੋਸ਼ੀ ਠਹਿਰਾਇਆ।’ ਦੂਜੇ ਪਾਸੇ ਮੁਲਾਜ਼ਮ ਜਥੇਬੰਦੀ ਦੇ ਆਗੂ ਸੀਨ ਮੈਕਵੇ ਨੇ ਕਿਹਾ ਕਿ ਇਹ ਹੜਤਾਲ ਹਵਾਈ ਸੇਵਾ ਕੰਪਨੀ ਨੂੰ ਗੱਲਬਾਤ ਲਈ ਮਜਬੂਰ ਕਰਨ ਦੀ ਇੱਕ ਕੋਸ਼ਿਸ਼ ਹੈ।