ਕਨੇਡਾ ਦੀ ਖਬਰ: ਪੰਜਾਬੀ ਕਬਾੜੀਏ ਦੇ ਗੁਦਾਮ ’ਚੋਂ 15 ਕਰੋੜ ਦੇ ਚੋਰੀ ਦੇ ਵਾਹਨ ਬਰਾਮਦ

ਕਨੇਡਾ ਦੀ ਖਬਰ: ਪੰਜਾਬੀ ਕਬਾੜੀਏ ਦੇ ਗੁਦਾਮ ’ਚੋਂ 15 ਕਰੋੜ ਦੇ ਚੋਰੀ ਦੇ ਵਾਹਨ ਬਰਾਮਦ

ਗ੍ਰਿਫਤਾਰੀ ਮਗਰੋਂ ਜ਼ਮਾਨਤ ’ਤੇ ਰਿਹਾਅ ਕੀਤਾ ਅਮਰਦੀਪ ਭੱਟੀ 27 ਫਰਵਰੀ ਨੂੰ ਜੱਜ ਮੂਹਰੇ ਹੋਵੇਗਾ ਪੇਸ਼

ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਓਂਟਾਰੀਓ ਸੂਬਾਈ ਪੁਲੀਸ (ਓਪੀਪੀ) ਨੇ ਚੈਟਸਵਰਥ ਕਸਬੇ ਦੇ ਬਾਹਰਵਾਰ ਕਬਾੜੀਏ ਦੇ ਗੁਦਾਮ ’ਤੇ ਛਾਪਾ ਮਾਰ ਕੇ ਉੱਥੋਂ 26 ਲੱਖ ਡਾਲਰ (ਕਰੀਬ 15 ਕਰੋੜ ਰੁਪਏ) ਕੀਮਤ ਦੇ ਚੋਰੀ ਕੀਤੇ ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ ਵਾਹਨਾਂ ਦੀ ਭੰਨ-ਤੋੜ ਕਰਕੇ ਪੁਰਜ਼ੇ ਤੇ ਹੋਰ ਸਾਮਾਨ ਵੇਚਿਆ ਜਾਣਾ ਸੀ।

ਗੁਦਾਮ ਮਾਲਕ ਤੇ ਗਰੈਂਡ ਵੈਲੀ ਦੇ ਰਹਿਣ ਵਾਲੇ ਅਮਰਦੀਪ ਭੱਟੀ (41) ਉੱਤੇ ਚੋਰੀ ਅਤੇ ਵਾਹਨਾਂ ਦੇ ਨੰਬਰ ਮਿਟਾਉਣ ਸਮੇਤ ਭੰਨਤੋੜ ਕਰਨ ਦੇ 8 ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਜ਼ਮਾਨਤ ਦਿੰਦੇ ਹੋਏ 27 ਫਰਵਰੀ ਨੂੰ ਓਵੇਨ ਸੌਂਡ ਦੀ ਅਦਾਲਤ ਵਿੱਚ ਪੇਸ਼ ਹੋਣ ਦੀ ਸ਼ਰਤ ’ਤੇ ਰਿਹਾਅ ਕਰ ਦਿੱਤਾ ਗਿਆ। ਕਈ ਏਕੜਾਂ ਵਿੱਚ ਫੈਲੇ ਅਮਰਦੀਪ ਭੱਟੀ ਦੇ ਗੁਦਾਮ ਦੀ ਤਲਾਸ਼ੀ ਦੌਰਾਨ ਉਥੋਂ ਪੁਲੀਸ ਨੇ 4 ਟਰੱਕ ਤੇ ਟਰਾਲਿਆਂ ਸਮੇਤ 63 ਨਿੱਕੇ ਵੱਡੇ ਟਰਾਲੇ ਅਤੇ 10 ਵਪਾਰਕ ਯਾਤਰੀ ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ ’ਚੋਂ ਕਈਆਂ ਦੀ ਪਛਾਣ ਲੁਕਾਉਣ ਲਈ ਵਿੰਨ ਨੰਬਰ ਵਿਗਾੜੇ ਹੋਏ ਸਨ ਤੇ ਕਈਆਂ ਦੀ ਭੰਨਤੋੜ ਕਰਕੇ ਪੁਰਜ਼ੇ ਕੱਢੇ ਹੋਏ ਸਨ।

ਪੁਲੀਸ ਅਨੁਸਾਰ, ਉਸ ਨੂੰ ਸੂਚਨਾ ਮਿਲੀ ਕਿ ਚੈਟਸਵਰਥ ਕਸਬੇ ਦੀ ਸਾਈਡ ਰੋਡ ਨੰਬਰ 5 ’ਤੇ ਸਥਿਤ ਗੁਦਾਮ ਵਿਚ ਚੋਰੀ ਕੀਤੇ ਵਾਹਨ ਲਿਆ ਕੇ ਉਨ੍ਹਾਂ ਦੀ ਪਛਾਣ ਖਤਮ ਕਰਕੇ ਜਾਂ ਤਾਂ ਸਸਤੇ ਭਾਅ ਵੇਚ ਦਿੱਤੇ ਜਾਂਦੇ ਹਨ ਜਾਂ ਭੰਨਤੋੜ ਕਰਕੇ ਪੁਰਜ਼ੇ ਵੇਚੇ ਜਾਂਦੇ ਹਨ ਤੇ ਇਹ ਸਿਲਸਿਲਾ ਕਾਫੀ ਦੇਰ ਤੋਂ ਜਾਰੀ ਸੀ।

ਓਂਟਾਰੀਓ ਪੁਲੀਸ ਦੀ ਗਰੇ ਬਰੂਸ ਕਸਬੇ ਦੇ ਦਸਤੇ ਨੇ ਅਦਾਲਤ ਤੋਂ ਤਲਾਸ਼ੀ ਵਰੰਟ ਲੈ ਕੇ ਛਾਪਾ ਮਾਰਿਆ ਤਾਂ ਉੱਥੋਂ ਵੱਡੀ ਗਿਣਤੀ ਵਿੱਚ ਚੋਰੀ ਕੀਤੇ ਵਾਹਨ ਬਰਾਮਦ ਹੋਏ। ਵਾਹਨਾਂ ਦੀ ਕੀਮਤ 26 ਲੱਖ ਡਾਲਰ ਤੋਂ ਵੱਧ ਦੱਸੀ ਜਾਂਦੀ ਹੈ। ਇਨ੍ਹਾਂ ’ਚੋਂ ਕਈਆਂ ਦੇ ਉਖਾੜੇ ਹੋਏ ਪੁਰਜ਼ੇ ਕਬਾੜ ਮਾਰਕੀਟ ਵਿੱਚ ਭੇਜਣ ਦੀ ਤਿਆਰੀ ਸੀ। ਭੱਟੀ ਵਿਰੁੱਧ ਵੱਖ ਵੱਖ 8 ਅਪਰਾਧਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਕੈਨੇਡਾ ਦੇ ਨਰਮ ਜ਼ਮਾਨਤੀ ਨਿਯਮਾਂ ਤਹਿਤ ਉਸ ਨੂੰ 27 ਫਰਵਰੀ ਨੂੰ ਜੱਜ ਮੂਹਰੇ ਆਤਮ ਸਮਰਪਣ ਕਰਨ ਦੀ ਸ਼ਰਤ ’ਤੇ ਜ਼ਮਾਨਤ ਦੇ ਦਿੱਤੀ ਗਈ।

sant sagar