ਸਿੱਧੂ ਦਮਦਮੀ ਦੀ ਕਾਵਿ ਪੁਸਤਕ ਲੋਕ ਅਰਪਣ

ਸਿੱਧੂ ਦਮਦਮੀ ਦੀ ਕਾਵਿ ਪੁਸਤਕ ਲੋਕ ਅਰਪਣ

‘ਮਾਵਾਂ ਅਰਦਾਸ ਕਰਦੀਆਂ’ ਦੀਆਂ ਕਵਿਤਾਵਾਂ ਮਨੁੱਖ ਦੇ ਜੀਵਨ ਦਾ ਨਿਚੋੜ: ਸੁੱਚਾ ਸਿੰਘ ਗਿੱਲ

ਬਰੈਂਪਟਨ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੀ ਸਹਿਜ ਵਿਹੜਾ ਸਾਹਿਤਕ ਸੰਸਥਾ ਵੱਲੋਂ ਸੀਨੀਅਰ ਪੱਤਰਕਾਰ ਸੰਪਾਦਕ ਸਿੱਧੂ ਦਮਦਮੀ ਦੀ ਹਾਲ ਹੀ ਵਿੱਚ ਛਪੀ ਕਵਿਤਾਵਾਂ ਦੀ ਪੁਸਤਕ ‘ਮਾਵਾਂ ਅਰਦਾਸ ਕਰਦੀਆਂ’ ਇੱਥੇ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਬਾਰੇ ਉਘੇ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਸਿੱਧੂ ਦਮਦਮੀ ਨੇ ਪੱਤਰਕਾਰੀ ਦੇ ਨਾਲ ਨਾਲ ਅੱਧੀ ਸਦੀ ਦੇ ਸਫ਼ਰ ਵਿੱਚ ਸਾਹਿਤ ਦੀਆਂ ਲਗਪਗ ਸਾਰੀਆਂ ਵਿਧਾਵਾਂ ਵਿੱਚ ਸਾਰਥਕ ਰਚਨਾਵਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੀ ਹਥਲੀ ਪੁਸਤਕ ਕਵਿਤਾਵਾਂ ਦੇ ਰੂਪ ਵਿੱਚ ਪਾਠਕਾਂ ਦੇ ਰੂਬਰੂ ਹੋਈ ਹੈ। ਇਸ ਵਿੱਚ ‘ਮਾਵਾਂ ਅਰਦਾਸ ਕਰਦੀਆਂ’, ‘ਅਧੂਰਾ ਵਿਛੋੜਾ’, ‘ਅੰਦਰਲੇ ਪੰਛੀ’, ‘ਗਿਲਾ’ ਸਮੇਤ ਕੁੱਲ 28 ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਕਵਿਤਾਵਾਂ ਮਨੁੱਖ ਦੇ ਜੀਵਨ ਦਾ ਨਿਚੋੜ ਹੀ ਹਨ। ਹਰ ਪਾਠਕ ਨੂੰ ਇਨ੍ਹਾਂ ’ਚੋਂ ਆਪਣਾ ਆਪਾ ਲੱਭ ਜਾਏਗਾ । ਸ਼ਾਮ ਸਿੰਘ ਅੰਗ ਸੰਗ ਨੇ ਕਿਹਾ ਕਿ ਉਨ੍ਹਾਂ ਨੇ ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਪੜ੍ਹੀਆਂ, ਮਹਿਸੂਸ ਕੀਤੀਆਂ, ਮਾਣੀਆਂ ਅਤੇ ਸਮਝੀਆਂ ਹਨ। ਬੁੱਧ ਸਿੰਘ ਗਰੇਵਾਲ ਨੇ ਕਿਹਾ ਕਿ ਦਮਦਮੀ ਦੀ ਇਹ ਪੁਸਤਕ ਪੰਜਾਬੀ ਕਵਿਤਾ ਵਿੱਚ ਨਵੇਕਲਾ ਸਥਾਨ ਰੱਖਦੀ ਹੈ। ਕਵੀ ਸਤੀਸ਼ ਗੁਲਾਟੀ ਨੇ ਕਿਹਾ ਕਿ ਰਿਹਾਈ, ਜਸ਼ਨ, ਧਰਤ ਅਤੇ ਪੱਤਾ ਨਾਂ ਦੀਆਂ ਕਵਿਤਾਵਾਂ ਵਿੱਚ ਕਾਵਿਕਤਾ ਦੀ ਸਿਖਰ ਵੇਖੀ ਜਾ ਸਕਦੀ ਹੈ। ਇਸ ਦੌਰਾਨ ਗੁਰਦਿਆਲ ਬੱਲ, ਪ੍ਰਕਾਸ਼ ਸਿੰਘ, ਜੀਤੀ ਪੁੜੈਣ, ਗਗਨਦੀਪ ਸਿਧੂ, ਕੌਰ ਸਿੰਘ ਰਾਜਸਥਾਨ ਅਤੇ ਦੀਪਾ ਸਿੱਧੂ ਨੇ ਵੀ ਵਿਚਾਰ ਰੱਖੇ। ਅੰਤ ਵਿੱਚ ਸਿੱਧੂ ਦਮਦਮੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਕਵਿਤਾਵਾਂ ਜੀਵਨ ਦੇ ਵੱਖ-ਵੱਖ ਪੜਾਵਾਂ ’ਤੇ ਲਿਖੀਆਂ ਅਤੇ ਸਾਂਭੀਆ ਗਈਆਂ ਸਨ।

ad