ਬੰਗਲਾਦੇਸ਼ ’ਚ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਾਈ

ਬੰਗਲਾਦੇਸ਼ ’ਚ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਾਈ


ਨੈਸ਼ਨਲ ਹਿੰਦੂ ਗਰੈਂਡ ਅਲਾਇੰਸ ਨੇ ਹਿੰਦੂਆਂ ਨੂੰ ਧਮਕਾਏ ਜਾਣ ਦਾ ਕੀਤਾ ਦਾਅਵਾ

ਢਾਕਾ,(ਇੰਡੋਂ ਕਨੇਡੀਅਨ ਟਾਇਮਜ਼)- ਉੱਤਰ ਪੱਛਮੀ ਬੰਗਲਾਦੇਸ਼ ’ਚ ਪ੍ਰਦਰਸ਼ਨਕਾਰੀਆਂ ਨੇ ਇੱਕ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਪਰਿਵਾਰ ਦਾ ਹਾਲਾਂਕਿ ਕਿਸੇ ਵੀ ਸਿਆਸੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਸੀ। ਸ਼ੇਖ਼ ਹਸੀਨਾ ਦੀ ਅਗਵਾਈ ਹੇਠਲੀ ਸਰਕਾਰ ਡਿੱਗਣ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੀ ਇਸ ਸਭ ਤੋਂ ਤਾਜ਼ਾ ਘਟਨਾ ਹੈ।

ਇਹ ਘਟਨਾ ਲੰਘੀ ਸ਼ਾਮ ਠਾਕੁਰਗਾਓਂ ਸਦਰ ਉਪ ਜ਼ਿਲ੍ਹਾ ਦੇ ਅਕਚਾ ਯੂਨੀਅਨ ਅਧੀਨ ਆਉਂਦੀ ਫਰਾਬਾੜੀ ਮੰਦਿਰਪਾੜਾ ਪਿੰਡ ’ਚ ਵਾਪਰੀ। ਇਸ ਤੋਂ ਕੁਝ ਘੰਟੇ ਪਹਿਲਾਂ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਘੱਟ ਗਿਣਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਵੇਗੀ। ਦੂਜੇ ਪਾਸੇ ਬੰਗਲਾਦੇਸ਼ ਨੈਸ਼ਨਲ ਹਿੰਦੂ ਗਰੈਂਡ ਅਲਾਇੰਸ ਨੇ ਦਾਅਵਾ ਕੀਤਾ ਹੈ ਕਿ ਪੰਜ ਅਗਸਤ ਨੂੰ ਹਸੀਨਾ ਸਰਕਾਰ ਦੇ ਤਖ਼ਤਾ ਪਲਟ ਤੋਂ ਬਾਅਦ 48 ਜ਼ਿਲ੍ਹਿਆਂ ’ਚ 278 ਥਾਵਾਂ ’ਤੇ ਹਮਲੇ ਹੋਏ ਹਨ ਅਤੇ ਉਨ੍ਹਾਂ ਨੂੰ ਧਮਕਾਇਆ ਗਿਆ ਹੈ। ਅਲਾਇੰਸ ਨੇ ਇਸ ਨੂੰ ‘ਹਿੰਦੂ ਧਰਮ ’ਤੇ ਹਮਲਾ’ ਕਰਾਰ ਦਿੱਤਾ ਹੈ। ਅਕਛਾ ਯੂਨੀਅਨ ਪਰਿਸ਼ਦ (ਯੂਪੀ) ਦੇ ਪ੍ਰਧਾਨ ਸੁਬ੍ਰਤ ਕੁਮਾਰ ਬਰਮਨ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਲੰਘੀ ਸ਼ਾਮ ਫਰਾਬਾੜੀ ਮੰਦਿਰਪਾੜਾ ਪਿੰਡ ’ਚ ਕਲੇਸ਼ਵਰ ਬਰਮਨ ਦੇ ਘਰ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ ਅਤੇ ਘਰ ’ਚ ਰਹਿਣ ਵਾਲੇ ਲੋਕ ਬਚ ਗਏ। ਠਾਕੁਰਗਾਓਂ ਥਾਣੇ ਦੇ ਇੰਚਾਰਜ ਅਫਸਰ ਏਬੀਐੱਮ ਫਿਰੋਜ਼ ਵਹੀਦ ਨੇ ਕਿਹਾ, ‘ਪੁਲੀਸ ਨੇ ਉਸੇ ਰਾਤ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਅਪਰਾਧੀਆਂ ਦੀ ਪਛਾਣ ਦੀਆਂ ਕੋਸ਼ਿਸ਼ਾਂ ਜਾਰੀ ਹਨ।’ ਇਸੇ ਦੌਰਾਨ 2015 ’ਚ ਇੱਕ ਵਕੀਲ ਨੂੰ ਅਗਵਾ ਕਰਨ ਦੇ ਦੋਸ਼ ਹੇਠ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਉਨ੍ਹਾਂ ਦੀ ਕੈਬਨਿਟ ਦੇ ਸਾਬਕਾ ਮੰਤਰੀਆਂ ਸਮੇਤ ਕਈ ਹੋਰ ਲੋਕਾਂ ਖ਼ਿਲਾਫ਼ ਬੀਤੇ ਦਿਨ ਕੇਸ ਦਰਜ ਕੀਤਾ ਗਿਆ ਹੈ। ਸ਼ੇਖ਼ ਹਸੀਨਾ ਖ਼ਿਲਾਫ਼ ਦਰਜ ਕੀਤਾ ਗਿਆ ਇਹ ਦੂਜਾ ਕੇਸ ਹੈ। 

ਹਸੀਨਾ ਨੂੰ ਅਹੁਦੇ ਤੋਂ ਹਟਾਉਣ ’ਚ ਸਾਡੀ ਕੋਈ ਭੂਮਿਕਾ ਨਹੀਂ: ਵਾਸ਼ਿੰਗਟਨ
ਵਾਸ਼ਿੰਗਟਨ:

ਅਮਰੀਕਾ ਨੇ ਉਨ੍ਹਾਂ ਦੋਸ਼ਾਂ ਨੂੰ ਹਾਸੋਹੀਣਾ ਤੇ ਝੂਠਾ ਕਰਾਰ ਦਿੱਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਅਹੁਦੇ ਤੋਂ ਹਟਾਉਣ ਪਿੱਛੇ ਉਸ ਦਾ ਹੱਥ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਤਰਜਮਾਨ ਵੇਦਾਂਤ ਪਟੇਲ ਨੇ ਅੱਜ ਕਿਹਾ, ‘ਇਹ ਬਹੁਤ ਹਾਸੋਹੀਣੀ ਗੱਲ ਹੈ। ਸ਼ੇਖ਼ ਹਸੀਨਾ ਦੇ ਅਸਤੀਫੇ ’ਚ ਅਮਰੀਕਾ ਦਾ ਹੱਥ ਹੋਣ ਦਾ ਕੋਈ ਵੀ ਦੋਸ਼ ਪੂਰੀ ਤਰ੍ਹਾਂ ਗਲਤ ਹੈ।’ 

ਭਾਰਤ ਅੰਤਰਿਮ ਸਰਕਾਰ ਨਾਲ ਸਬੰਧ ਮਜ਼ਬੂਤ ਕਰਨ ਲਈ ਉਤਸ਼ਾਹਿਤ: ਹਾਈ ਕਮਿਸ਼ਨ
ਢਾਕਾ:

ਭਾਰਤੀ ਹਾਈ ਕਮਿਸ਼ਨ ਪ੍ਰਣਯ ਵਰਮਾ ਨੇ ਅੱਜ ਕਿਹਾ ਕਿ ਭਾਰਤ ਮੁਹੰਮਦ ਯੂਨਸ ਦੀ ਅਗਵਾਈ ਹੇਠਲੀ ਅੰਤਰਿਮ ਸਰਕਾਰ ਤਹਿਤ ਬੰਗਲਾਦੇਸ਼ ਨਾਲ ਆਪਣੇ ਸਬੰਧ ਮਜ਼ਬੂਤ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਹਾਲਾਂਕਿ ਇਹ ਨਹੀਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਕਿੰਨਾ ਸਮਾਂ ਭਾਰਤ ’ਚ ਰਹੇਗੀ। ਮੀਡੀਆ ਰਿਪੋਰਟਾਂ ਅਨੁਸਾਰ ਵਰਮਾ ਨੇ ਵਿਦੇਸ਼ ਮੰਤਰਾਲੇ ’ਚ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਮੁਹੰਮਦ ਤੌਹੀਦ ਹੁਸੈਨ ਨਾਲ ਮੀਟਿੰਗ ਤੋਂ ਬਾਅਦ ਇਹ ਟਿੱਪਣੀ ਕੀਤੀ। ਵਰਮਾ ਨੇ ਮੀਟਿੰਗ ਤੋਂ ਬਾਅਦ ਕਿਹਾ, ‘ਅਸੀਂ ਬੰਗਲਾਦੇਸ਼ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ।’ 

sant sagar