ਬੰਗਲਾਦੇਸ਼: ਅਸਤੀਫ਼ੇ ਮਗਰੋਂ ਸ਼ੇਖ਼ ਹਸੀਨਾ ਨੇ ਦੇਸ਼ ਛੱਡਿਆ, ਕਮਾਨ ਫ਼ੌਜ ਹੱਥ

ਹਸੀਨਾ ਦਾ ਜਹਾਜ਼ ਗਾਜ਼ੀਆਬਾਦ ਨੇੜੇ ਹਿੰਡਨ ਏਅਰਬੇਸ ’ਤੇ ਉਤਰਿਆ; ਕੌਮੀ ਸੁਰੱਖਿਆ ਸਲਾਹਕਾਰ ਡੋਵਾਲ ਨਾਲ ਕੀਤੀ ਮੁਲਾਕਾਤ
* ਥਲ ਸੈਨਾ ਮੁਖੀ ਨੇ ਫੌਜ ਤੇ ਪੁਲੀਸ ਨੂੰ ਗੋਲੀ ਚਲਾਉਣ ਤੋਂ ਵਰਜਿਆ
* ਪ੍ਰਦਰਸ਼ਨਕਾਰੀਆਂ ਵੱਲੋ ਹਸੀਨਾ ਦੀ ਸਰਕਾਰੀ ਰਿਹਾਇਸ਼ ’ਚ ਵੜ ਕੇ ਲੁੱਟ-ਖੋਹ, ਹਸੀਨਾ ਦੇ ਦਫ਼ਤਰ ਨੂੰ ਅੱਗ ਲਾਈ
* ਰਾਸ਼ਟਰਪਤੀ ਵੱਲੋਂ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਰਿਹਾਅ ਕਰਨ ਦੇ ਹੁਕਮ
ਢਾਕਾ/ਨਵੀਂ ਦਿੱਲੀ,(ਇੰਡੋਂ ਕਨੇਡੀਅਨ ਟਾਇਮਜ਼)- ਸਰਕਾਰੀ ਨੌਕਰੀਆਂ ’ਚ ਵਿਵਾਦਿਤ ਰਾਖਵੇਂਕਰਨ ਖਿਲਾਫ਼ ਦੇਸ਼ ਭਰ ਵਿਚ ਜਾਰੀ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅੱਜ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਚੋਰੀ ਛੁਪੇ ਪਹਿਲਾਂ ਹੈਲੀਕਾਪਟਰ ਰਾਹੀਂ ਅਗਰਤਲਾ ਤੇ ਉਥੋਂ ਹਵਾਈ ਸੈਨਾ ਦੇ ਮਾਲਵਾਹਕ ਜਹਾਜ਼ (ਸੀ-130ਜੇ) ’ਤੇ ਸਵਾਰ ਹੋ ਕੇ ਭਾਰਤ ਦੇ ਹਿੰਡਨ ਏਅਰਬੇਸ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਅੱਗੇ ਲੰਡਨ ਜਾਣ ਦੀਆਂ ਕਨਸੋਆਂ ਹਨ। ਉਧਰ ਬੰਗਲਾਦੇਸ਼ ਦੀ ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਥਲ ਸੈਨਾ ਮੁਖੀ ਵਕਾਰ-ਉਜ਼-ਜ਼ਮਾਨ ਨੇ ਫੌਜ ਤੇ ਪੁਲੀਸ ਨੂੰ ਮੁਜ਼ਾਹਰਾਕਾਰੀਆਂ ’ਤੇ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ ਹਨ। ਬੰਗਲਾਦੇਸ਼ ਵਿਚ ਪ੍ਰਦਰਸ਼ਨਾਂ ਦੇ ਲੰਘੇ ਦਿਨ ਹਿੰਸਕ ਰੂਪ ਧਾਰਨ ਮਗਰੋਂ ਪਿਛਲੇ ਦੋ ਦਿਨਾਂ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੇ ਦੇਸ਼ ਦੀ ਅਵਾਮ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਜੇਲ੍ਹ ’ਚ ਬੰਦ ਵਿਰੋਧੀ ਧਿਰ ਦੀ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।