ਇਜ਼ਰਾਇਲੀ ਫ਼ੌਜ ਅਤੇ ਫ਼ਲਸਤੀਨੀ ਅਤਿਵਾਦੀਆਂ ’ਤੇ ਲੱਗੇ ਹਿੰਸਾ ਦੇ ਦੋਸ਼

ਇਜ਼ਰਾਇਲੀ ਫ਼ੌਜ ਅਤੇ ਫ਼ਲਸਤੀਨੀ ਅਤਿਵਾਦੀਆਂ ’ਤੇ ਲੱਗੇ ਹਿੰਸਾ ਦੇ ਦੋਸ਼

ਜਨੇਵਾ, (ਇੰਡੋ ਕਨੇਡੀਅਨ ਟਾਇਮਜ਼)-ਇਜ਼ਰਾਇਲੀ ਫ਼ੌਜ ਅਤੇ ਫ਼ਲਸਤੀਨੀ ਅਤਿਵਾਦੀਆਂ ’ਤੇ ਜੰਗ ਦੌਰਾਨ ਜਿਨਸੀ ਸ਼ੋਸ਼ਣ ਅਤੇ ਲਿੰਗ ਆਧਾਰਿਤ ਹਿੰਸਾ ਦੇ ਦੋਸ਼ ਲੱਗੇ ਹਨ। ਸੰਯੁਕਤ ਰਾਸ਼ਟਰ ਦੀ ਹਮਾਇਤ ਵਾਲੇ ਮਨੁੱਖੀ ਹੱਕਾਂ ਬਾਰੇ ਮਾਹਿਰਾਂ ਨੇ ਬੁੱਧਵਾਰ ਨੂੰ ਰਿਪੋਰਟ ਜਾਰੀ ਕੀਤੀ ਜਿਸ ’ਚ ਇਹ ਖ਼ੁਲਾਸਾ ਹੋਇਆ ਹੈ। ਮਾਹਿਰਾਂ ਨੇ ਜ਼ਿਆਦਾਤਰ ਮੀਡੀਆ ’ਚ ਆਈਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਕਿਹਾ ਕਿ ਇਜ਼ਰਾਇਲੀ ਫ਼ੌਜ ਅਤੇ ਫ਼ਲਸਤੀਨੀ ਅਤਿਵਾਦੀਆਂ ਨੇ ਜੰਗੀ ਅਪਰਾਧ ਕੀਤੇ ਜਦਕਿ ਇਜ਼ਰਾਈਲ ਨੇ ਮਨੁੱਖਤਾ ਖ਼ਿਲਾਫ਼ ਵੀ ਜੁਰਮ ਕੀਤੇ ਹਨ। ਉਂਜ ਇਜ਼ਰਾਈਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਉਸ ਨੇ ਸੰਸਥਾ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰਦਿਆਂ ਪੱਖਪਾਤ ਦਾ ਦੋਸ਼ ਲਾਇਆ। ਰਿਪੋਰਟ ’ਚ 7 ਅਕਤੂਬਰ ਦੀ ਹਿੰਸਾ ਅਤੇ ਪਿਛਲੇ ਸਾਲ ਦੇ ਅਖੀਰ ਤੱਕ ਦੇ ਵਿਚਕਾਰਲੇ ਸਮੇਂ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਕਿ ਇਜ਼ਰਾਇਲੀ ਸੁਰੱਖਿਆ ਬਲਾਂ ਨੇ ਜਬਰੀ ਭੁੱਖ ਨਾਲ ਮਾਰਨ, ਹੱਤਿਆ ਜਾਂ ਜਾਣਬੁੱਝ ਕੇ ਹੱਤਿਆ, ਸਮੂਹਿਕ ਸਜ਼ਾ, ਨਾਗਰਿਕਾਂ ’ਤੇ ਜਾਣਬੁੱਝ ਕੇ ਹਮਲੇ ਕਰਨ ਜਿਹੇ ਗ਼ਲਤ ਕਾਰੇ ਕੀਤੇ। ਰਿਪੋਰਟ ਮੁਤਾਬਕ ਹਮਾਸ ਤੇ ਹੋਰ ਹਥਿਆਰਬੰਦ ਫ਼ਲਸਤੀਨੀ ਗੁੱਟਾਂ ਨੇ ਹੱਤਿਆਵਾਂ ਤੇ ਨਾਗਰਿਕਾਂ ਨਾਲ ਦੁਰਵਿਹਾਰ ਕੀਤਾ ਅਤੇ ਉਨ੍ਹਾਂ ਨੂੰ ਬੰਦੀ ਬਣਾਇਆ ਹੈ। ਸੰਯੁਕਤ ਰਾਸ਼ਟਰ ਪੱਖੀ ਮਨੁੱਖੀ ਅਧਿਕਾਰ ਪਰਿਸ਼ਦ ਵੱਲੋਂ 2021 ’ਚ ਮਾਹਿਰਾਂ ਦੀ ਕਮੇਟੀ ਨੂੰ ਇਜ਼ਰਾਈਲ ਅਤੇ ਉਨ੍ਹਾਂ ਦੇ ਕੰਟਰੋਲ ਵਾਲੇ ਫ਼ਲਸਤੀਨੀ ਇਲਾਕਿਆਂ ’ਚ ਹੱਕਾਂ ਦੀ ਉਲੰਘਣਾ ਤੇ ਦੁਰਵਿਹਾਰਾਂ ਦੀ ਜਾਂਚ ਕਰਨ ਲਈ ਨਿਯੁਕਤ ਕੀਤਾ ਗਿਆ ਸੀ। 

sant sagar