ਅਮਰੀਕਾ: ਯਾਤਰੀ ਜਹਾਜ਼ ਹਾਦਸੇ ਦੌਰਾਨ ਕੰਟਰੋਲ ਟਾਵਰ ਵਿੱਚ ਕਰਮਚਾਰੀਆਂ ਦੀ ਸੰਖਿਆ ਘੱਟ ਸੀ: ਰਿਪੋਰਟ

ਆਰਲਿੰਗਟਨ (ਅਮਰੀਕਾ),(ਇੰਡੋ ਕਨੇਡੀਅਨ ਟਾਇਮਜ਼)- ਵਾਸ਼ਿੰਗਟਨ ਦੇ ਨੇੜੇ ਹੈਲੀਕਾਪਟਰ ਅਤੇ ਜਹਾਜ਼ ਦੀ ਟੱਕਰ ਦੇ ਸਮੇਂ ਹਵਾਈ ਯਾਤਰਾ ਕੰਟਰੋਲ ਟਾਵਰ ਵਿੱਚ ਕਰਮਚਾਰੀਆਂ ਦੀ ਸੰਖਿਆ ਲੋੜ ਅਨੁਸਾਰ ਨਹੀਂ ਸੀ। ਵੀਰਵਾਰ ਨੂੰ ਪ੍ਰਾਪਤ ਪ੍ਰਸ਼ਾਸਨਿਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫੌਜੀ ਹੈਲੀਕਾਪਟਰ ਅਤੇ ਕਨਸਾਸ ਤੋਂ ਆ ਰਹੇ ਅਮਰੀਕਨ ਏਅਰਲਾਈਨ ਦੇ ਜਹਾਜ਼ ਦੀ ਟੱਕਰ ਕਾਰਨ ਦੋਹਾਂ ਵਿੱਚ ਸਵਾਰ ਸਾਰੇ 67 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਫੌਜੀ ਪਾਇਲਟ ਦੇ ਕਾਰਜਾਂ ਦੀ ਜਾਂਚ ਕਰ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਬੁਧਵਾਰ ਰਾਤ ਨੂੰ ਪੋਟੋਮੈਕ ਨਦੀ ਦੇ ਬਰਫੀਲੇ ਪਾਣੀਆਂ ਤੋਂ ਘੱਟੋੑਘੱਟ 28 ਲਾਸ਼ਾਂ ਨੂੰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਹ ਘਟਨਾ ਉਸ ਸਮੇਂ ਹੋਈ ਜਦੋਂ ਵਾਸ਼ਿੰਗਟਨ ਦੇ ਨੇੜੇ ਰੋਨਾਲਡ ਰੀਗਨ ਕੌਮਾਂਤਰੀ ਹਵਾਈ ਅੱਡੇ ਤੇ ਉਤਰਦੇ ਸਮੇਂ ਹੈਲੀਕਾਪਟਰ ਯਾਤਰੀ ਜਹਾਜ਼ ਦੇ ਰਸਤੇ ਵਿੱਚ ਆ ਗਿਆ। ਜਹਾਜ਼ ਵਿੱਚ 60 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ, ਜਦਕਿ ਹੈਲੀਕਾਪਟਰ ਵਿੱਚ ਤਿੰਨ ਸਵਾਰ ਸਨ।