ਨਵੇਂ ਵਰ੍ਹੇ ਨੂੰ ਜੀ ਆਇਆਂ ਆਖਣ ਲਈ ਸੰਗਤ ਹਰਿਮੰਦਰ ਸਾਹਿਬ ਪੁੱਜੀ

ਨਵੇਂ ਵਰ੍ਹੇ ਨੂੰ ਜੀ ਆਇਆਂ ਆਖਣ ਲਈ ਸੰਗਤ ਹਰਿਮੰਦਰ ਸਾਹਿਬ ਪੁੱਜੀ

ਸ਼੍ਰੋਮਣੀ ਕਮੇਟੀ ਵੱਲੋਂ ਠੰਢ ਦੇ ਮੱਦੇਨਜ਼ਰ ਢੁੱਕਵੇਂ ਪ੍ਰਬੰਧ; ਪੁਲੀਸ ਵੱਲੋਂ ਸ਼ਹਿਰ ’ਚ 1800 ਮੁਲਾਜ਼ਮ ਤੇ ਅਧਿਕਾਰੀ ਤਾਇਨਾਤ

ਅੰਮ੍ਰਿਤਸਰ,(ਇੰਡੋ ਕਨੇਡੀਅਨ ਟਾਇਮਜ਼)- ਨਵਾਂ ਸਾਲ 2025 ਨੂੰ ਜੀ ਆਇਆਂ ਆਖਣ ਲਈ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਵੱਡੀ ਗਿਣਤੀ ਸ਼ਰਧਾਲੂ ਹਰਿਮੰਦਰ ਸਾਹਿਬ ਪੁੱਜੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਪੁਲੀਸ ਨੇ ਵੀ ਸੰਗਤ ਅਤੇ ਸ਼ਹਿਰ ਵਿੱਚ ਨਵਾਂ ਸਾਲ ਮਨਾਉਣ ਵਾਲਿਆਂ ਵਾਸਤੇ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਜ਼ਿਕਰਯੋਗ ਹੈ ਕਿ ਨਵੇਂ ਸਾਲ ਨੂੰ ਜੀ ਆਇਆਂ ਆਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣ ਲਈ ਆਉਂਦੇ ਹਨ। ਅੱਜ ਸਾਲ 2024 ਦੇ ਆਖ਼ਰੀ ਦਿਨ ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ 2025 ਨੂੰ ਜੀ ਆਇਆਂ ਆਖਣ ਵਾਸਤੇ ਰਾਤ ਵੇਲੇ ਤਕ ਵੱਡੀ ਗਿਣਤੀ ਸੰਗਤ ਇੱਥੇ ਪੁੱਜ ਚੁੱਕੀ ਸੀ।

ਪ੍ਰਬੰਧਕਾਂ ਵੱਲੋਂ ਇੱਥੇ ਆਈ ਸੰਗਤ ਵਾਸਤੇ ਸਮੁੱਚੀ ਪਰਿਕਰਮਾ ਨਾਲ ਲੱਗਦੇ ਬਰਾਂਡਿਆਂ ਵਿੱਚ ਫਰਸ਼ ’ਤੇ ਗਲੀਚੇ ਵਿਛਾ ਦਿੱਤੇ ਹਨ। ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਰਾਤ ਨੂੰ ਸੰਗਤ ਦੀ ਸਹੂਲਤ ਤੇ ਪ੍ਰਬੰਧਾਂ ਵਾਸਤੇ ਵਧੇਰੀ ਗਿਣਤੀ ਵਿੱਚ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੇ ਸ਼ਹਿਰ ਵਿੱਚ ਨਵਾਂ ਸਾਲ ਮਨਾਉਣ ਵਾਲੇ ਲੋਕਾਂ ਦੀ ਸੁਰੱਖਿਆ ਵਾਸਤੇ ਕਰੀਬ 1800 ਪੁਲੀਸ ਕਰਮਚਾਰੀ ਤੇ ਅਧਿਕਾਰੀ ਸ਼ਹਿਰ ਵਿੱਚ ਤਾਇਨਾਤ ਕੀਤੇ ਗਏ ਹਨ। ਸ਼ਹਿਰ ਵਿੱਚ ਲਗਪਗ 80 ਨਾਕੇ ਲਗਾਏ ਗਏ ਹਨ ਤੇ 55 ਪੈਟਰੋਲਿੰਗ ਪਾਰਟੀਆਂ ਰਾਤ ਵੇਲੇ ਗਸ਼ਤ ਕਰਨਗੀਆਂ।
 

ad